ਸਨੌਰ 15 ਨਵੰਬਰ (ਤਰਨ ਚੌਧਰੀ)
ਹਲਕਾ ਸਨੌਰ ਦੇ ਸੀਨੀਅਰ ਕਾਂਗਰਸੀ ਆਗੂ ਗੁਰਵਿੰਦਰ ਸਿੰਘ ਗੌਰਵ ਸੰਧੂ ਨੇ ਅੱਜ ਸਨੌਰ ਬੱਸ ਸਟੈਂਡ ਦਾ ਦੌਰਾ ਕਰਦੇ ਹੋਏ ਬਦਇੰਤਜ਼ਾਮੀ ਅਤੇ ਪ੍ਰਬੰਧਕੀ ਲਾਪਰਵਾਹੀ ਨੂੰ ਲੈ ਕੇ ਚੇਅਰਮੈਨ ਪੀ.ਆਰ.ਟੀ.ਸੀ ਅਤੇ ਹਲਕਾ ਇੰਚਾਰਜ ਰਣਜੋਧ ਸਿੰਘ ਹਡਾਣਾ ਉੱਤੇ ਤਿੱਖੇ ਸਵਾਲ ਉਠਾਏ। ਦੌਰੇ ਦੌਰਾਨ ਗੌਰਵ ਸੰਧੂ ਨੇ ਬੱਸ ਸਟੈਂਡ ਦੀ ਨਾਜ਼ੁਕ ਹਾਲਤ ਨੂੰ ਉਜਾਗਰ ਕਰਦਿਆਂ ਕਿਹਾ ਕਿ ਜਦੋਂ ਚੇਅਰਮੈਨ ਦੇ ਆਪਣੇ ਹਲਕੇ ਵਿੱਚ ਹੀ ਮੁੱਢਲੀਆਂ ਸਹੂਲਤਾਂ ਦੀ ਇੰਨੀ ਘਾਟ ਹੈ, ਤਾਂ ਸੂਬੇ ਦੇ ਹੋਰ ਜ਼ਿਲ੍ਹਿਆਂ ਦੀ ਸਥਿਤੀ ਦਾ ਅੰਦਾਜ਼ ਲਗਾਉਣਾ ਮੁਸ਼ਕਲ ਨਹੀਂ। ਉਨ੍ਹਾਂ ਦਾਅਵਾ ਕੀਤਾ ਕਿ ਸਨੌਰ ਬੱਸ ਸਟੈਂਡ ਕਈ ਸਾਲਾਂ ਤੋਂ ਸਰਕਾਰੀ ਬੇਧਿਆਨੀ ਕਾਰਨ ਅਧੂਰੇ ਪਏ ਹਨ। ਉਨ੍ਹਾਂ ਕਿਹਾ ਕਿ ਮੁਰੰਮਤ, ਸਫ਼ਾਈ, ਬੈਠਕਾਂ, ਰੋਸ਼ਨੀ ਅਤੇ ਪੀਣ ਵਾਲੇ ਪਾਣੀ ਵਰਗੀਆਂ ਮੁੱਢਲੀਆਂ ਸਹੂਲਤਾਂ ਦੀ ਕਮੀ ਕਾਰਨ ਰੋਜ਼ਾਨਾ ਹਜ਼ਾਰਾਂ ਮੁਸਾਫ਼ਰ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਨ। ਇਸ ਤੋਂ ਇਲਾਵਾ ਬੱਸ ਸੇਵਾਵਾਂ ਦੀ ਘਾਟ ਵੀ ਯਾਤਰੀਆਂ ਲਈ ਵੱਡੀ ਪਰੇਸ਼ਾਨੀ ਬਣੀ ਹੋਈ ਹੈ।
ਗੌਰਵ ਸੰਧੂ ਨੇ ਚੇਅਰਮੈਨ ਹਡਾਣਾ ਨੂੰ ਸਿੱਧਾ ਘੇਰਦਿਆਂ ਕਿਹਾ ਕਿ ਜੇ ਸਥਾਨਕ ਪੱਧਰ ’ਤੇ ਹੀ ਸਹੂਲਤਾਂ ਨੂੰ ਸੁਧਾਰਨ ਲਈ ਗੰਭੀਰ ਕਦਮ ਨਾ ਚੁੱਕੇ ਗਏ ਤਾਂ ਲੋਕਾਂ ਦਾ ਸਰਕਾਰੀ ਵਿਭਾਗਾਂ ‘ਤੇ ਭਰੋਸਾ ਘਟਦਾ ਜਾਵੇਗਾ। ਉਨ੍ਹਾਂ ਕਿਹਾ ਕਿ ਪੀ.ਆਰ.ਟੀ.ਸੀ ਚੇਅਰਮੈਨ ਹੋਣ ਦੇ ਬਾਵਜੂਦ ਆਪਣੇ ਹਲਕੇ ਦੇ ਬੱਸ ਸਟੈਂਡ ਦੀ ਹਾਲਤ ਖਸਤਾ ਹੋਣਾ ਸੂਬੇ ਦੀ ਕਾਰਗੁਜ਼ਾਰੀ ’ਤੇ ਵੱਡਾ ਸਵਾਲ ਚੁੱਕਦਾ ਹੈ। ਸੰਧੂ ਨੇ ਸਰਕਾਰ ਅਤੇ ਸੰਬੰਧਤ ਵਿਭਾਗ ਨੂੰ ਤੁਰੰਤ ਬੱਸ ਸਟੈਂਡ ਦੀ ਮੁਰੰਮਤ, ਸਫ਼ਾਈ ਅਤੇ ਬੱਸ ਸੇਵਾਵਾਂ ਵਧਾਉਣ ਦੀ ਅਪੀਲ ਕੀਤੀ। ਨਾਲ ਹੀ ਚੇਤਾਵਨੀ ਦਿੱਤੀ ਕਿ ਜੇ ਹਾਲਤ ਨਾ ਸੁਧਰੀ ਤਾਂ ਕਾਂਗਰਸੀ ਵਰਕਰ ਲੋਕਾਂ ਦੀਆਂ ਆਵਾਜ਼ਾਂ ਨੂੰ ਉੱਚੇ ਪੱਧਰ ’ਤੇ ਪਹੁੰਚਾਉਣ ਲਈ ਵੱਡਾ ਆੰਦੋਲਨ ਸ਼ੁਰੂ ਕਰਨ ’ਤੇ ਵੀ ਵਿਚਾਰ ਕਰਣਗੇ। ਸਥਾਨਕ ਵਸਨੀਕਾਂ ਨੇ ਵੀ ਗੌਰਵ ਸੰਧੂ ਦੀਆਂ ਗੱਲਾਂ ਨਾਲ ਸਹਿਮਤੀ ਜਤਾਈ ਅਤੇ ਬੱਸ ਸਟੈਂਡ ਦੀ ਬਦਹਾਲ ਹਾਲਤ ਨੂੰ ਤੁਰੰਤ ਸੁਧਾਰਨ ਦੀ ਮੰਗ ਕੀਤੀ।
PUNJAB LOK SMAACHAAR
PUNJAB LOK SAMACHAR
LOK SAMACHAR


0 Comments