ਜਾਪਾਨ ਦੀ ਨਵੀਂ ਪ੍ਰਧਾਨ ਮੰਤਰੀ ਵੱਲੋਂ ਤਨਖ਼ਾਹ ਕਟੌਤੀ ਦਾ ਵੱਡਾ ਐਲਾਨ...
ਟੋਕੀਓ 11 ਨਵੰਬਰ (ਪੰਜਾਬ ਲੋਕ ਸਮਾਚਾਰ ਬਿਓਰੋ)
ਜਾਪਾਨ ਦੀ ਨਵ-ਨਿਯੁਕਤ ਪ੍ਰਧਾਨ ਮੰਤਰੀ ਸਾਨੇ ਤਾਕਾਇਚੀ ਨੇ ਆਪਣਾ ਅਹੁਦਾ ਸੰਭਾਲਣ ਨਾਲ ਹੀ ਤਨਖ਼ਾਹ ਕਟੌਤੀ ਨੂੰ ਲੈ ਕੇ ਮਹੱਤਵਪੂਰਨ ਕਦਮ ਚੁੱਕਣ ਦਾ ਐਲਾਨ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਉਹ ਆਪਣੀ ਅਤੇ ਮੰਤਰੀ ਮੰਡਲ ਦੇ ਮੈਂਬਰਾਂ ਦੀ ਤਨਖ਼ਾਹ ਵਿੱਚ ਕਟੌਤੀ ਸਬੰਧੀ ਪ੍ਰਸਤਾਵ ਜਲਦੀ ਹੀ ਸੰਸਦ ਵਿੱਚ ਪੇਸ਼ ਕਰਨਗੇ। ਜਾਪਾਨ ਟਾਈਮਜ਼ ਅਨੁਸਾਰ ਇਸ ਮਾਮਲੇ ‘ਤੇ ਆਉਣ ਵਾਲੀ ਮੰਗਲਵਾਰ ਨੂੰ ਮੰਤਰੀਆਂ ਦੀ ਬੈਠਕ ਵਿੱਚ ਵਿਚਾਰ ਕੀਤਾ ਜਾ ਸਕਦਾ ਹੈ।
ਪ੍ਰਸਤਾਵ ਮੁਤਾਬਕ ਪ੍ਰਧਾਨ ਮੰਤਰੀ ਅਤੇ ਕੈਬਨਿਟ ਮੰਤਰੀਆਂ ਨੂੰ ਸੰਸਦ ਮੈਂਬਰਾਂ ਤੋਂ ਇਲਾਵਾ ਮਿਲਣ ਵਾਲੇ ਵਾਧੂ ਭੱਤਿਆਂ ਨੂੰ ਅਸਥਾਈ ਤੌਰ ‘ਤੇ ਰੋਕਿਆ ਜਾਵੇਗਾ। ਇਸ ਵੇਲੇ ਜਾਪਾਨ ਦੇ ਸੰਸਦ ਮੈਂਬਰਾਂ ਨੂੰ ਪ੍ਰਤੀ ਮਹੀਨਾ 1.294 ਮਿਲੀਅਨ ਯੇਨ ਤਨਖ਼ਾਹ ਮਿਲਦੀ ਹੈ। ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਨੂੰ 1.152 ਮਿਲੀਅਨ ਯੇਨ ਅਤੇ ਕੈਬਨਿਟ ਮੰਤਰੀਆਂ ਨੂੰ 4,89,000 ਯੇਨ ਦਾ ਵਾਧੂ ਭੱਤਾ ਮਿਲਦਾ ਹੈ।
ਹਾਲਾਂਕਿ ਮੌਜੂਦਾ ਖ਼ਰਚ ਘਟਾਉ ਮੁਹਿੰਮ ਦੇ ਤਹਿਤ ਪ੍ਰਧਾਨ ਮੰਤਰੀ 30 ਫੀਸਦੀ ਅਤੇ ਮੰਤਰੀ 20 ਫੀਸਦੀ ਭੱਤਾ ਵਾਪਸ ਕਰਦੇ ਹਨ, ਜਿਸ ਨਾਲ ਉਨ੍ਹਾਂ ਦੇ ਪ੍ਰਭਾਵੀ ਭੱਤੇ ਕ੍ਰਮਵਾਰ 3,90,000 ਯੇਨ ਅਤੇ 1,10,000 ਯੇਨ ਰਹਿ ਜਾਂਦੇ ਹਨ। ਨਵੀਂ ਤਨਖ਼ਾਹ ਕਟੌਤੀ ਯੋਜਨਾ ਨੂੰ ਲਿਬਰਲ ਡੈਮੋਕ੍ਰੇਟਿਕ ਪਾਰਟੀ ਦੇ ਗਠਜੋੜੀ ਸਾਥੀ ਜਾਪਾਨ ਇਨੋਵੇਸ਼ਨ ਪਾਰਟੀ (JIP) ਦਾ ਪੂਰਾ ਸਮਰਥਨ ਪ੍ਰਾਪਤ ਹੋਇਆ ਹੈ। ਇਹ ਪਾਰਟੀ ਲੰਮੇ ਸਮੇਂ ਤੋਂ ਸੰਸਦ ਮੈਂਬਰਾਂ ਦੇ ਵਿਸ਼ੇਸ਼ ਅਧਿਕਾਰਾਂ ਵਿੱਚ ਕਮੀ ਦੀ ਵਕਾਲਤ ਕਰਦੀ ਆ ਰਹੀ ਹੈ।
ਇਸ ਕਦਮ ਨੂੰ ਜਾਪਾਨੀ ਰਾਜਨੀਤੀ ਵਿੱਚ ਪਾਰਦਰਸ਼ਤਾ ਅਤੇ ਜ਼ਿੰਮੇਵਾਰੀ ਵਧਾਉਣ ਵੱਲ ਇੱਕ ਮਹੱਤਵਪੂਰਨ ਪੇਸ਼ਕਦਮੀ ਵਜੋਂ ਦੇਖਿਆ ਜਾ ਰਿਹਾ ਹੈ।
PUNJAB LOK SMAACHAAR


0 Comments