ਸਨੌਰ 30 ਦਸੰਬਰ (ਸੁਖਦੇਵ ਵਿਰਕ) - ਸਨੌਰ ਦਾ ਬੱਸ ਸਟੈਂਡ ਅੱਜ ਵੀ ਬੇਹੱਦ ਖਸਤਾ ਹਾਲਤ ਵਿੱਚ ਪਿਆ ਹੋਇਆ ਹੈ, ਪਰ ਨਗਰ ਕੌਂਸਲ ਸਨੌਰ ਦੀ ਬੇਪਰਵਾਹੀ ਕਾਰਨ ਹਾਲਾਤਾਂ ਵਿੱਚ ਕੋਈ ਸੁਧਾਰ ਨਜ਼ਰ ਨਹੀਂ ਆ ਰਿਹਾ। ਟੁੱਟੇ ਫਰਸ਼, ਖਰਾਬ ਛੱਤਾਂ, ਗੰਦਗੀ ਅਤੇ ਯਾਤਰੀਆਂ ਲਈ ਬੁਨਿਆਦੀ ਸਹੂਲਤਾਂ ਦੀ ਘਾਟ ਕਾਰਨ ਬੱਸ ਸਟੈਂਡ ਲੋਕਾਂ ਲਈ ਮੁਸ਼ਕਲਾਂ ਦਾ ਕਾਰਨ ਬਣਿਆ ਹੋਇਆ ਹੈ। ਹਰ ਰੋਜ਼ ਸੈਂਕੜੇ ਯਾਤਰੀ ਇਸ ਬੱਸ ਸਟੈਂਡ ਰਾਹੀਂ ਆਉਂਦੇ ਜਾਂ ਜਾਂਦੇ ਹਨ, ਪਰ ਉਨ੍ਹਾਂ ਨੂੰ ਅਸੁਵਿਧਾਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਸਥਾਨਕ ਲੋਕਾਂ ਦਾ ਦੋਸ਼ ਹੈ ਕਿ ਨਗਰ ਕੌਂਸਲ ਸਨੌਰ ਵੱਲੋਂ ਕਈ ਵਾਰ ਦਾਅਵਾ ਕੀਤਾ ਗਿਆ ਕਿ ਬੱਸ ਸਟੈਂਡ ਨੂੰ ਜਲਦ ਹੀ ਨਵੀਂ ਦਿੱਖ ਦਿੱਤੀ ਜਾਵੇਗੀ ਅਤੇ ਵਿਕਾਸ ਕਾਰਜ ਸ਼ੁਰੂ ਕੀਤੇ ਜਾਣਗੇ, ਪਰ ਇਹ ਸਾਰੇ ਦਾਅਵੇ ਸਿਰਫ਼ ਕਾਗਜ਼ੀ ਸਾਬਤ ਹੋ ਰਹੇ ਹਨ। ਲੰਮਾ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਬੱਸ ਸਟੈਂਡ ਦੀ ਹਾਲਤ ਜਿਉਂ ਦੀ ਤਿਉਂ ਬਣੀ ਹੋਈ ਹੈ, ਜਿਸ ਕਾਰਨ ਲੋਕਾਂ ਵਿੱਚ ਰੋਸ ਵਧਦਾ ਜਾ ਰਿਹਾ ਹੈ ਯਾਤਰੀਆਂ ਦਾ ਕਹਿਣਾ ਹੈ ਕਿ ਨਾ ਤਾਂ ਬੈਠਣ ਲਈ ਢੁਕਵੇਂ ਬੈਂਚ ਹਨ, ਨਾ ਹੀ ਸਾਫ਼ ਸਫ਼ਾਈ ਦੀ ਢੰਗ ਦੀ ਵਿਵਸਥਾ ਹੈ। ਬਾਰਿਸ਼ ਦੇ ਮੌਸਮ ਵਿੱਚ ਛੱਤਾਂ ਤੋਂ ਪਾਣੀ ਟਪਕਦਾ ਹੈ, ਜਦਕਿ ਗਰਮੀ ਵਿੱਚ ਛਾਂ ਅਤੇ ਪੀਣ ਵਾਲੇ ਪਾਣੀ ਦੀ ਸਹੂਲਤ ਵੀ ਨਾਕਾਫ਼ੀ ਹੈ। ਔਰਤਾਂ, ਬਜ਼ੁਰਗਾਂ ਅਤੇ ਬੱਚਿਆਂ ਨੂੰ ਸਭ ਤੋਂ ਵੱਧ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਸਨੌਰ ਵਾਸੀਆਂ ਨੇ ਮੰਗ ਕੀਤੀ ਹੈ ਕਿ ਨਗਰ ਕੌਂਸਲ ਸਿਰਫ਼ ਵਾਅਦਿਆਂ ਤੱਕ ਸੀਮਿਤ ਨਾ ਰਹੇ, ਸਗੋਂ ਜਲਦ ਤੋਂ ਜਲਦ ਬੱਸ ਸਟੈਂਡ ਦੇ ਨਵੀਨੀਕਰਨ ਦਾ ਕੰਮ ਸ਼ੁਰੂ ਕਰੇ। ਲੋਕਾਂ ਦਾ ਕਹਿਣਾ ਹੈ ਕਿ ਜੇਕਰ ਪ੍ਰਸ਼ਾਸਨ ਨੇ ਜਲਦੀ ਧਿਆਨ ਨਾ ਦਿੱਤਾ ਤਾਂ ਉਹ ਸੰਘਰਸ਼ ਦਾ ਰਾਹ ਅਪਣਾਉਣ ਲਈ ਮਜਬੂਰ ਹੋਣਗੇ।


0 Comments