ਪਟਿਆਲਾ–ਸਨੌਰ–ਘਨੌਰ ਦਾ ਜ਼ਿਕਰ: ਸਿਆਸੀ ਤਿਆਰੀ ਜਾਂ ਅੰਦਰੂਨੀ ਸਮੀਕਰਨਾਂ ਲਈ ਨਵੀਂ ਚੁਣੌਤੀ?
ਪਟਿਆਲਾ/ਸਨੌਰ 8 ਜਨਵਰੀ (ਸੁਖਦੇਵ ਸਿੰਘ ਵਿਰਕ)
ਪੰਜਾਬ ਦੀ ਸਿਆਸਤ ਵਿੱਚ ਇੱਕ ਵਾਰ ਫਿਰ ਗਤੀਵਿਧੀਆਂ ਤੇਜ਼ ਹੋ ਗਈਆਂ ਹਨ। ਹਲਕਾ ਸਨੌਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਵਿਧਾਇਕ ਅਤੇ ਸੀਨੀਅਰ ਆਗੂ ਰਹਿ ਚੁੱਕੇ ਤੇਜਿੰਦਰਪਾਲ ਸਿੰਘ ਸੰਧੂ ਨੇ ਮੁੜ ਆਪਣੀ ਪੁਰਾਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨਾਲ ਜੁੜਨ ਦਾ ਐਲਾਨ ਕੀਤਾ ਹੈ। ਇਹ ਜਾਣਕਾਰੀ ਉਨ੍ਹਾਂ ਵੱਲੋਂ ਆਪਣੇ ਫੇਸਬੁੱਕ ਪੋਸਟ ਰਾਹੀਂ ਸਾਂਝੀ ਕੀਤੀ ਗਈ, ਜਿਸ ਨੇ ਸਿਆਸੀ ਹਲਕਿਆਂ ਵਿੱਚ ਚਰਚਾ ਨੂੰ ਜਨਮ ਦੇ ਦਿੱਤਾ ਹੈ। ਆਪਣੀ ਪੋਸਟ ਵਿੱਚ ਤੇਜਿੰਦਰਪਾਲ ਸਿੰਘ ਸੰਧੂ ਨੇ ਲਿਖਿਆ ਕਿ ਉਹ ਇੱਕ ਟਕਸਾਲੀ ਅਕਾਲੀ ਪਰਿਵਾਰ ਨਾਲ ਸਬੰਧਤ ਹਨ ਅਤੇ ਅਕਾਲੀ ਦਲ ਨਾਲ ਉਨ੍ਹਾਂ ਦਾ ਨਾਤਾ ਸੇਵਾ ਅਤੇ ਸੰਘਰਸ਼ ਨਾਲ ਜੁੜਿਆ ਰਿਹਾ ਹੈ। ਉਨ੍ਹਾਂ ਨੇ ਪਾਰਟੀ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਪਟਿਆਲਾ, ਸਨੌਰ ਅਤੇ ਘਨੌਰ ਖੇਤਰ ਵਿੱਚ ਪਾਰਟੀ ਨੂੰ ਮਜ਼ਬੂਤ ਕਰਨ ਲਈ ਪੂਰੀ ਤਨਦੇਹੀ ਨਾਲ ਕੰਮ ਕਰਨਗੇ।
ਸੰਧੂ ਪਹਿਲਾਂ ਹਲਕਾ ਸਨੌਰ ਤੋਂ ਅਕਾਲੀ ਦਲ ਦੀ ਟਿਕਟ ‘ਤੇ ਵਿਧਾਇਕ ਰਹਿ ਚੁੱਕੇ ਹਨ ਅਤੇ ਪਾਰਟੀ ਵਿੱਚ ਇੱਕ ਸੀਨੀਅਰ ਆਗੂ ਵਜੋਂ ਉਨ੍ਹਾਂ ਦੀ ਮਜ਼ਬੂਤ ਪਹਿਚਾਣ ਰਹੀ ਹੈ। ਸਮਰਥਕਾਂ ਦਾ ਮੰਨਣਾ ਹੈ ਕਿ ਉਨ੍ਹਾਂ ਦੀ ਵਾਪਸੀ ਨਾਲ ਅਕਾਲੀ ਦਲ ਦੇ ਪਰੰਪਰਾਗਤ ਵੋਟਰ ਅਤੇ ਕੈਡਰ ਨੂੰ ਨਵਾਂ ਹੌਸਲਾ ਮਿਲੇਗਾ ਅਤੇ ਜਮੀਨੀ ਪੱਧਰ ‘ਤੇ ਪਾਰਟੀ ਦੀ ਪਕੜ ਮਜ਼ਬੂਤ ਹੋਵੇਗੀ। ਦੂਜੇ ਪਾਸੇ, ਆਲੋਚਕਾਂ ਦਾ ਕਹਿਣਾ ਹੈ ਕਿ ਕੁੱਝ ਸਮਾਂ ਪਹਿਲਾਂ ਤੱਕ ਤੇਜਿੰਦਰਪਾਲ ਸਿੰਘ ਸੰਧੂ ਨੂੰ ਸਾਬਕਾ ਸੰਸਦ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨਾਲ ਸਿਆਸੀ ਮੰਚਾਂ ‘ਤੇ ਦੇਖਿਆ ਜਾ ਰਿਹਾ ਸੀ, ਜਿਸ ਕਾਰਨ ਉਨ੍ਹਾਂ ਦੀ ਸਿਆਸੀ ਦਿਸ਼ਾ ਨੂੰ ਲੈ ਕੇ ਸਵਾਲ ਉਠਦੇ ਰਹੇ ਹਨ। ਇਸ ਪਿਛੋਕੜ ਵਿੱਚ ਉਨ੍ਹਾਂ ਦੀ ਅਚਾਨਕ ਅਕਾਲੀ ਦਲ ‘ਚ ਵਾਪਸੀ ਨੂੰ ਕਈ ਲੋਕ ਸਿਆਸੀ ਰਣਨੀਤੀ ਜਾਂ ਭਵਿੱਖੀ ਤਿਆਰੀਆਂ ਨਾਲ ਜੋੜ ਕੇ ਵੀ ਦੇਖ ਰਹੇ ਹਨ।ਸਿਆਸੀ ਮਾਹਿਰਾਂ ਦੇ ਅਨੁਸਾਰ, ਇਹ ਵਾਪਸੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਮੁੜ ਇਕੱਠਾ ਹੋਣ ਅਤੇ ਪੁਰਾਣੇ ਤਜਰਬੇਕਾਰ ਆਗੂਆਂ ਨੂੰ ਨਾਲ ਜੋੜਨ ਦੀ ਕੋਸ਼ਿਸ਼ ਦਾ ਹਿੱਸਾ ਹੋ ਸਕਦੀ ਹੈ। ਹਾਲਾਂਕਿ ਇਹ ਕਦਮ ਜਮੀਨੀ ਪੱਧਰ ‘ਤੇ ਕਿੰਨਾ ਅਸਰਦਾਰ ਸਾਬਤ ਹੁੰਦਾ ਹੈ, ਇਹ ਆਉਣ ਵਾਲਾ ਸਮਾਂ ਹੀ ਦੱਸੇਗਾ। ਪਰ ਇੰਨਾ ਜ਼ਰੂਰ ਹੈ ਕਿ ਤੇਜਿੰਦਰਪਾਲ ਸਿੰਘ ਸੰਧੂ ਦੀ ਵਾਪਸੀ ਨੇ ਪੰਜਾਬ ਦੀ ਸਿਆਸਤ ਵਿੱਚ ਨਵੀਂ ਚਰਚਾ ਅਤੇ ਅਟਕਲਾਂ ਨੂੰ ਜਨਮ ਦੇ ਦਿੱਤਾ ਹੈ।
ਸੋਚਣ ਵਾਲੀ ਗੱਲ ਇਹ ਵੀ ਹੈ ਕਿ ਤੇਜਿੰਦਰਪਾਲ ਸਿੰਘ ਸੰਧੂ ਵੱਲੋਂ ਪਟਿਆਲਾ, ਸਨੌਰ ਅਤੇ ਘਨੌਰ ਖੇਤਰਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨ ਦੀ ਗੱਲ ਕਿਉਂ ਕੀਤੀ ਗਈ ਹੈ। ਸਿਆਸੀ ਹਲਕਿਆਂ ਵਿੱਚ ਇਹ ਚਰਚਾ ਹੈ ਕੀ ਉਹ ਇਨ੍ਹਾਂ ਵਿੱਚੋਂ ਕਿਸੇ ਇੱਕ ਹਲਕੇ ਤੋਂ ਚੋਣ ਲੜਨ ਦੀ ਤਿਆਰੀ ਕਰ ਰਹੇ ਹਨ। ਜੇ ਅਜਿਹਾ ਹੈ, ਤਾਂ ਫਿਰ ਉਹਨਾਂ ਅਕਾਲੀ ਆਗੂਆਂ ਅਤੇ ਵਰਕਰਾਂ ਦਾ ਕੀ ਭਵਿੱਖ ਹੋਵੇਗਾ ਜੋ ਸੰਧੂ ਦੇ ਪਾਰਟੀ ਤੋਂ ਦੂਰ ਰਹਿਣ ਦੇ ਦੌਰਾਨ ਇਨ੍ਹਾਂ ਹਲਕਿਆਂ ਦੀ ਵਾਂਗ ਡੋਰ ਸੰਭਾਲਦੇ ਰਹੇ ਹਨ। ਇਹ ਮਸਲਾ ਪਾਰਟੀ ਅੰਦਰ ਵਿਚਾਰਯੋਗ ਬਣਦਾ ਜਾ ਰਿਹਾ ਹੈ।


0 Comments