ਨਗਰ ਕੌਂਸਲ ਤੇ ‘ਆਪ’ ਸਰਕਾਰ ਕਦੋਂ ਜਾਗੇਗੀ?
ਸਨੌਰ 16 ਜਨਵਰੀ (ਸੁਖਦੇਵ ਸਿੰਘ ਵਿਰਕ)
ਸਨੌਰ ਸ਼ਹਿਰ ਦੀ ਫਿਰਨੀ ਅੱਜ ਕਿਸੇ ਵਿਕਾਸ ਦੀ ਨਹੀਂ, ਸਗੋਂ ਲਾਪਰਵਾਹੀ, ਬੇਤਰਤੀਬੀ ਅਤੇ ਪ੍ਰਸ਼ਾਸਨਕ ਅਣਦੇਖੀ ਦਾ ਜਿਉਂਦਾ ਜਾਗਦਾ ਅਜੂਬਾ ਬਣ ਚੁੱਕੀ ਹੈ। ਫਿਰਨੀ ‘ਤੇ ਥਾਂ-ਥਾਂ ਖੁੱਲ੍ਹੇ ਗੱਡੇ, ਅੱਧ ਵਿਚਕਾਰ ਖੜ੍ਹੇ ਲੱਕੜੀ ਦੇ ਖੰਭੇ, ਬਿਨ੍ਹਾਂ ਸੁਰੱਖਿਆ ਚਿੰਨ੍ਹਾਂ ਦੇ ਖੁੱਲ੍ਹੇ ਮੈਨਹੋਲ ਅਤੇ ਸੜਕ ‘ਤੇ ਝੁਕੀ ਖੜ੍ਹੀ ਲੋਹੇ ਦੀ ਟਰਾਲੀ ਕਿਸੇ ਵੀ ਸਮੇਂ ਵੱਡੇ ਹਾਦਸੇ ਨੂੰ ਸੱਦਾ ਦੇ ਰਹੀ ਹੈ। ਤਸਵੀਰਾਂ ਵਿੱਚ ਸਾਫ਼ ਨਜ਼ਰ ਆ ਰਿਹਾ ਹੈ ਕਿ ਫਿਰਨੀ ਦੇ ਵਿਚਕਾਰ ਲੱਕੜੀ ਦੇ ਪੁਰਾਣੇ ਖੰਭੇ ਕੱਢ ਕੇ ਛੱਡੇ ਹੋਏ ਹਨ, ਜਿਨ੍ਹਾਂ ‘ਤੇ ਸਿਰਫ਼ ਪਲਾਸਟਿਕ ਦੇ ਫੱਟੇ ਹੋਏ ਕਟੇ ਬੰਨ੍ਹ ਕੇ ਰਸਮੀ ਤੌਰ ‘ਤੇ ਖ਼ਤਰੇ ਦੀ ਸੂਚਨਾ ਦਿੱਤੀ ਗਈ ਹੈ। ਨਾ ਕੋਈ ਪੱਕਾ ਬੈਰੀਕੇਡ, ਨਾ ਰਿਫਲੈਕਟਰ, ਨਾ ਹੀ ਰਾਤ ਵੇਲੇ ਦਿੱਖ ਲਈ ਕੋਈ ਪ੍ਰਬੰਧ। ਇਹ ਹਾਲਾਤ ਸਿੱਧੇ ਤੌਰ ‘ਤੇ ਰਾਹਗੀਰਾਂ ਦੀ ਜਾਨ ਨਾਲ ਖੇਡ ਹਨ।
ਇਸੇ ਤਰ੍ਹਾਂ ਇੱਕ ਹੋਰ ਤਸਵੀਰ ਵਿੱਚ ਸੜਕ ਦੇ ਕੋਲ ਧੰਸੀ ਹੋਈ ਟਰਾਲੀ ਦਿਖਾਈ ਦੇ ਰਹੀ ਹੈ, ਜੋ ਸਾਫ਼ ਦੱਸਦੀ ਹੈ ਕਿ ਫਿਰਨੀ ਦੀ ਨੀਵਾਂ ਅਤੇ ਮਿੱਟੀ ਦੀ ਹਾਲਤ ਕਿੰਨੀ ਕਮਜ਼ੋਰ ਹੈ। ਜੇ ਇਹ ਟਰਾਲੀ ਦਿਨ ਦੇ ਸਮੇਂ ਇਸ ਤਰ੍ਹਾਂ ਫਸ ਸਕਦੀ ਹੈ ਤਾਂ ਰਾਤ ਦੇ ਸਮੇਂ ਦੋਪਹੀਆ ਜਾਂ ਕਾਰ ਸਵਾਰਾਂ ਨਾਲ ਕੀ ਹੋ ਸਕਦਾ ਹੈ, ਇਸਦਾ ਅੰਦਾਜ਼ਾ ਲਗਾਉਣਾ ਔਖਾ ਨਹੀਂ। ਨਗਰ ਕੌਂਸਲ ਸਨੌਰ ਵੱਲੋਂ ਸਾਲਾਂ ਤੋਂ ਫਿਰਨੀ ਬਣਾਉਣ ਦੇ ਦਾਅਵੇ ਕੀਤੇ ਜਾਂਦੇ ਰਹੇ ਹਨ, ਪਰ ਹਕੀਕਤ ਅੱਜ ਵੀ ਇਨ੍ਹਾਂ ਤਸਵੀਰਾਂ ਵਿੱਚ ਨਜ਼ਰ ਆ ਰਹੀ ਹੈ। ਆਮ ਆਦਮੀ ਪਾਰਟੀ ਦੀ ਸਰਕਾਰ ਹੋਣ ਦੇ ਬਾਵਜੂਦ ਸਥਾਨਕ ਪੱਧਰ ‘ਤੇ ਵਿਕਾਸ ਦਾ ਪਹੀਆ ਜਾਮ ਦਿਖਾਈ ਦੇ ਰਿਹਾ ਹੈ। ਲੋਕਾਂ ਦਾ ਸਵਾਲ ਹੈ ਕਿ ਜੇ ਫਿਰਨੀ ਵਰਗਾ ਮੁੱਢਲਾ ਮਸਲਾ ਹੱਲ ਨਹੀਂ ਹੋ ਸਕਦਾ ਤਾਂ “ਬਦਲਾਅ” ਦੇ ਦਾਅਵਿਆਂ ਦਾ ਕੀ ਅਰਥ? ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਕਈ ਵਾਰ ਸ਼ਿਕਾਇਤਾਂ ਕਰਨ ਦੇ ਬਾਵਜੂਦ ਨਾਂ ਤਾਂ ਪੱਕੀ ਫਿਰਨੀ ਬਣੀ ਹੈ ਅਤੇ ਨਾਂ ਹੀ ਅਸਥਾਈ ਤੌਰ ‘ਤੇ ਸੁਰੱਖਿਆ ਦੇ ਢੁੱਕਵੇਂ ਪ੍ਰਬੰਧ ਕੀਤੇ ਗਏ ਹਨ। ਸਕੂਲ ਜਾਣ ਵਾਲੇ ਬੱਚੇ, ਬਜ਼ੁਰਗ ਅਤੇ ਦੋਪਹੀਆ ਵਾਹਨ ਚਾਲਕ ਹਰ ਰੋਜ਼ ਖ਼ਤਰੇ ਵਿੱਚੋਂ ਲੰਘਣ ਲਈ ਮਜਬੂਰ ਹਨ।
ਲੋਕਾਂ ਦਾ ਸਵਾਲ — ਨਗਰ ਕੌਂਸਲ ਸਨੌਰ ਅਤੇ ਆਮ ਆਦਮੀ ਪਾਰਟੀ ਅਖ਼ੀਰ ਕਦੋਂ ਤੱਕ ਫਿਰਨੀ ਨੂੰ ਅਜੂਬਿਆਂ ਦੀ ਨਿਸ਼ਾਨੀ ਬਣਾਈ ਰੱਖੇਗੀ? ਕੀ ਕਿਸੇ ਵੱਡੇ ਹਾਦਸੇ ਦੀ ਉਡੀਕ ਕੀਤੀ ਜਾ ਰਹੀ ਹੈ ਜਾਂ ਫਿਰ ਹੁਣ ਵੀ ਜ਼ਿੰਮੇਵਾਰ ਜਾਗਣਗੇ ?


0 Comments