ਨਵੀਂ ਦਿੱਲੀ, 6 ਨਵੰਬਰ - ਆਲ ਇੰਡੀਆ ਸ਼ੂਗਰ ਟਰੇਡ ਐਸੋਸੀਏਸ਼ਨ (AISTA) ਨੇ ਕੇਂਦਰ ਸਰਕਾਰ ਤੋਂ ਖੰਡ ਦਾ ਘੱਟੋ-ਘੱਟ ਵੇਚ ਮੁੱਲ (MSP) ਮੌਜੂਦਾ 31 ਰੁਪਏ ਪ੍ਰਤੀ ਕਿੱਲੋ ਤੋਂ ਵਧਾ ਕੇ 42 ਰੁਪਏ ਪ੍ਰਤੀ ਕਿੱਲੋ ਕਰਨ ਦੀ ਮੰਗ ਕੀਤੀ ਹੈ। ਐਸੋਸੀਏਸ਼ਨ ਦਾ ਕਹਿਣਾ ਹੈ ਕਿ ਖੰਡ ਦੀ ਉਤਪਾਦਨ ਲਾਗਤ ਨੂੰ ਦੇਖਦਿਆਂ ਮਿੱਲਾਂ ਨੂੰ ਘਾਟੇ ਤੋਂ ਬਚਾਉਣ ਲਈ ਇਹ ਵਾਧਾ ਜ਼ਰੂਰੀ ਹੈ। ਇਸ ਦੇ ਨਾਲ ਹੀ ਐਸੋਸੀਏਸ਼ਨ ਨੇ ਸਰਕਾਰ ਵੱਲੋਂ ਤੈਅ ਕੀਤੇ ਗੰਨੇ ਦੇ ਮੁੱਲ ਨੂੰ ਵਾਜਬ ਅਤੇ ਨਿਰਪੱਖ ਕਰਾਰ ਦਿੰਦਿਆਂ ਇਸ ਦਾ ਸਮਰਥਨ ਕੀਤਾ ਹੈ।ਆਈਸਟਾ ਨੇ ਨੀਤੀ ਆਯੋਗ ਦੇ ਸਾਬਕਾ ਮੈਂਬਰ ਰਮੇਸ਼ ਚੰਦ ਦੀ ਅਗਵਾਈ ਹੇਠ ਬਣਾਈ ਗਈ ਚਾਰ ਮੈਂਬਰੀ ਸਰਕਾਰੀ ਕਮੇਟੀ ਅੱਗੇ ਆਪਣੀਆਂ ਮੰਗਾਂ ਰੱਖੀਆਂ ਹਨ। ਇਹ ਕਮੇਟੀ 13 ਅਕਤੂਬਰ ਨੂੰ ਖ਼ਾਸਕਰ ਮਹਾਰਾਸ਼ਟਰ ਅਤੇ ਕਰਨਾਟਕ ਵਿੱਚ ਗੰਨਾ ਕਿਸਾਨਾਂ ਵੱਲੋਂ ਕੀਤੇ ਜਾ ਰਹੇ ਪ੍ਰਦਰਸ਼ਨਾਂ ਅਤੇ ਉਨ੍ਹਾਂ ਦੀਆਂ ਸ਼ਿਕਾਇਤਾਂ ਦੇ ਹੱਲ ਲਈ ਬਣਾਈ ਗਈ ਸੀ। ਕਮੇਟੀ ਵੱਲੋਂ ਬੈਂਗਲੁਰੂ ਅਤੇ 4 ਨਵੰਬਰ ਨੂੰ ਪੁਣੇ ਵਿੱਚ ਕਿਸਾਨਾਂ ਨਾਲ ਮੁਲਾਕਾਤ ਵੀ ਕੀਤੀ ਗਈ।
ਆਈਸਟਾ ਦੇ ਚੇਅਰਮੈਨ ਪ੍ਰਫੁੱਲ ਵਿਠਲਾਨੀ ਨੇ ਕਿਹਾ ਕਿ ਫਰਵਰੀ 2019 ਤੋਂ ਖੰਡ ਦੇ ਘੱਟੋ-ਘੱਟ ਵੇਚ ਮੁੱਲ ਵਿੱਚ ਕੋਈ ਵਾਧਾ ਨਹੀਂ ਕੀਤਾ ਗਿਆ। ਉਨ੍ਹਾਂ ਮੰਗ ਕੀਤੀ ਕਿ ਇਸ ਨੂੰ 4,200 ਰੁਪਏ ਪ੍ਰਤੀ ਕੁਇੰਟਲ ਕੀਤਾ ਜਾਵੇ, ਤਾਂ ਜੋ ਖੰਡ ਮਿੱਲਾਂ ਨੂੰ ਉਤਪਾਦਨ ਲਾਗਤ ਤੋਂ ਘੱਟ ਕੀਮਤ 'ਤੇ ਖੰਡ ਵੇਚਣ ਲਈ ਮਜਬੂਰ ਨਾ ਹੋਣਾ ਪਵੇ।ਜ਼ਿਕਰਯੋਗ ਹੈ ਕਿ ਕੇਂਦਰ ਸਰਕਾਰ ਨੇ 2026-27 ਦੇ ਗੰਨਾ ਸੀਜ਼ਨ ਲਈ 10.25 ਫ਼ੀਸਦੀ ਬੁਨਿਆਦੀ ਸ਼ੂਗਰ ਰਿਕਵਰੀ ਦਰ ਦੇ ਆਧਾਰ 'ਤੇ ਗੰਨੇ ਦਾ ਵਾਜਬ ਅਤੇ ਲਾਭਕਾਰੀ ਮੁੱਲ (FRP) 365 ਰੁਪਏ ਪ੍ਰਤੀ ਕੁਇੰਟਲ ਤੈਅ ਕੀਤਾ ਹੈ। ਵਿਠਲਾਨੀ ਅਨੁਸਾਰ ਇਸ ਕੀਮਤ ਨੂੰ ਉਸ ਸਮੇਂ ਸਾਰੀਆਂ ਧਿਰਾਂ ਵੱਲੋਂ ਵਿਆਪਕ ਤੌਰ 'ਤੇ ਸਵੀਕਾਰ ਕੀਤਾ ਗਿਆ ਸੀ ਅਤੇ ਮੌਜੂਦਾ ਸਮੇਂ ਇਸ ਮੁੱਦੇ 'ਤੇ ਅੰਦੋਲਨ ਕਰਨ ਦਾ ਕੋਈ ਕਾਰਨ ਨਹੀਂ ਹੈ।ਇਸ ਤੋਂ ਇਲਾਵਾ ਐਸੋਸੀਏਸ਼ਨ ਨੇ ਸਰਕਾਰੀ ਕਮੇਟੀ ਨੂੰ ਗੁਜਰਾਤ ਵਿੱਚ ਲਾਗੂ ਭੁਗਤਾਨ ਪ੍ਰਣਾਲੀ ਦਾ ਅਧਿਐਨ ਕਰਨ ਦੀ ਅਪੀਲ ਕੀਤੀ ਹੈ। ਇਸ ਦੋ-ਵਿਕਲਪੀ ਮਾਡਲ ਤਹਿਤ ਕਿਸਾਨ ਗੰਨੇ ਦੀ ਸਪਲਾਈ ਤੋਂ 7 ਤੋਂ 14 ਦਿਨਾਂ ਅੰਦਰ ਪੂਰਾ FRP ਲੈ ਸਕਦੇ ਹਨ ਜਾਂ ਤਿੰਨ ਕਿਸ਼ਤਾਂ ਵਿੱਚ ਭੁਗਤਾਨ ਸਵੀਕਾਰ ਕਰਨ ਦੀ ਸੂਰਤ ਵਿੱਚ FRP ਦੇ ਨਾਲ 10 ਫ਼ੀਸਦੀ ਵਾਧੂ ਪ੍ਰੀਮੀਅਮ ਵੀ ਪ੍ਰਾਪਤ ਕਰ ਸਕਦੇ ਹਨ।

.jpg)

0 Comments