ਹਲਕਾ ਸਨੌਰ ਦੀ ਟਿਕਟ ਕਿਸੇ ਰਾਸ਼ਟਰਵਾਦੀ ਅਤੇ ਪੁਰਾਣੇ ਭਾਜਪਾ ਵਰਕਰ ਨੂੰ ਮਿਲਣੀ ਚਾਹੀਦੀ ਹੈ - ਰਮੇਸ਼ਵਰ ਬਲਬੇਹੜਾ, ਸਾਬਕਾ ਜ਼ਿਲ੍ਹਾ ਪ੍ਰਧਾਨ
ਦੇਵੀਗੜ੍ਹ, 18 ਨਵੰਬਰ (ਰੋਹਿਤ ਪੰਜੋਲਾ) - ਵਿਸ਼ਵਕਰਮਾ ਮੰਦਰ ਧਰਮਸ਼ਾਲਾ ਦੇਵੀਗੜ੍ਹ ਵਿਖੇ ਰਾਸ਼ਟਰਵਾਦੀ ਭਾਜਪਾ ਵਰਕਰਾਂ ਦੀ ਇੱਕ ਵਿਸ਼ੇਸ਼ ਮੀਟਿੰਗ ਕਰਵਾਈ ਗਈ। ਇਸ ਮੀਟਿੰਗ ਵਿੱਚ ਹਲਕਾ ਸਨੌਰ ਦੇ ਵੱਖ-ਵੱਖ ਪਿੰਡਾਂ ਤੋਂ ਬੂਥ ਕਮੇਟੀਆਂ ਦੇ ਮੈਂਬਰਾਂ, ਸ਼ਕਤੀ ਕੇਂਦਰ ਇੰਚਾਰਜਾਂ ਅਤੇ ਮੰਡਲ ਪ੍ਰਧਾਨਾਂ ਨੇ ਆਪਣੀਆਂ ਟੀਮਾਂ ਸਮੇਤ ਸ਼ਮੂਲੀਅਤ ਕੀਤੀ। ਮੀਟਿੰਗ ਵਿੱਚ 600 ਤੋਂ ਵੱਧ ਵਰਕਰਾਂ ਦੇ ਪਹੁੰਚਣ ਦਾ ਦਾਅਵਾ ਕੀਤਾ ਗਿਆ।
ਮੀਟਿੰਗ ਦੌਰਾਨ ਪਾਰਟੀ ਹਾਈਕਮਾਂਡ ਕੋਲ ਮੰਗ ਉਠਾਈ ਗਈ ਕਿ ਸਾਲ 2027 ਵਿੱਚ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਹਲਕਾ ਸਨੌਰ ਤੋਂ ਕਿਸੇ ਟਕਸਾਲੀ ਅਤੇ ਰਾਸ਼ਟਰਵਾਦੀ ਭਾਜਪਾ ਵਰਕਰ ਨੂੰ ਹੀ ਪਾਰਟੀ ਦੀ ਟਿਕਟ ਦਿੱਤੀ ਜਾਵੇ। ਇਸ ਮੌਕੇ ਵੱਖ-ਵੱਖ ਵਰਗਾਂ ਨਾਲ ਸਬੰਧਤ ਸੰਭਾਵੀ ਉਮੀਦਵਾਰਾਂ ਵਜੋਂ ਧਰਮਪਾਲ ਸ਼ਰਮਾ ਦੇਵੀਗੜ੍ਹ, ਐਡਵੋਕੇਟ ਨਿਸ਼ਾ ਰਿਸ਼ੀ ਸਨੌਰ, ਜਤਿੰਦਰ ਕੋਹਲੀ ਦੇਵੀਗੜ੍ਹ, ਹਰਦੀਪ ਸਿੰਘ ਮੋਤ ਸਨੌਰ ਅਤੇ ਗੁਰਜੀਤ ਸਿੰਘ ਹਡਾਣਾ ਦੇ ਨਾਂ ਪ੍ਰਸਤਾਵਿਤ ਕੀਤੇ ਗਏ।
ਇਸ ਮੌਕੇ ਵਰਕਰਾਂ ਨੇ ਇਕਜੁੱਟਤਾ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਪਾਰਟੀ ਹਾਈਕਮਾਂਡ ਹਲਕਾ ਸਨੌਰ ਤੋਂ ਕਿਸੇ ਵੀ ਆਗੂ ਨੂੰ ਟਿਕਟ ਦੇਵੇ, ਉਹ ਪਾਰਟੀ ਦੇ ਫੈਸਲੇ ਦਾ ਪੂਰਾ ਸਤਿਕਾਰ ਕਰਨਗੇ ਅਤੇ ਸਾਰੇ ਵਰਕਰ ਇਕਜੁੱਟ ਹੋ ਕੇ ਚੋਣ ਮੈਦਾਨ ਵਿੱਚ ਪਾਰਟੀ ਦੀ ਜਿੱਤ ਲਈ ਕੰਮ ਕਰਨਗੇ।
ਇਸ ਮੌਕੇ ਰਮੇਸ਼ਵਰ ਬਲਬੇਹੜਾ, ਸਾਬਕਾ ਜ਼ਿਲ੍ਹਾ ਪ੍ਰਧਾਨ ਨੇ ਕਿਹਾ ਕਿ ਹਲਕਾ ਸਨੌਰ ਦੀ ਟਿਕਟ ਕਿਸੇ ਅਜਿਹੇ ਰਾਸ਼ਟਰਵਾਦੀ ਅਤੇ ਪੁਰਾਣੇ ਭਾਜਪਾ ਵਰਕਰ ਨੂੰ ਮਿਲਣੀ ਚਾਹੀਦੀ ਹੈ, ਜਿਸ ਨੇ ਲੰਮੇ ਸਮੇਂ ਤੋਂ ਪਾਰਟੀ ਲਈ ਮਿਹਨਤ ਕੀਤੀ ਹੋਵੇ ਅਤੇ ਜ਼ਮੀਨੀ ਪੱਧਰ ’ਤੇ ਵਰਕਰਾਂ ਨਾਲ ਜੁੜਿਆ ਹੋਵੇ।
ਮੀਟਿੰਗ ਵਿੱਚ ਮੁੱਖ ਤੌਰ ’ਤੇ ਅਨਮੋਲ ਬੈਂਸ, ਮੰਡਲ ਪ੍ਰਧਾਨ ਨਰਮਦਾ ਸਿੰਘ, ਮੰਡਲ ਪ੍ਰਧਾਨ ਅਸ਼ੋਕ ਕੁਮਾਰ, ਮੰਡਲ ਪ੍ਰਧਾਨ ਜੱਸੀ ਗੁੱਜਰ, ਮੰਡਲ ਪ੍ਰਧਾਨ ਸੰਜੀਵ ਕੁਮਾਰ ਮਹਿਤਾ, ਗੁਰੀ ਰਾਜਪੂਤ ਆਈ.ਟੀ. ਕਨਵੀਨਰ ਸਨੌਰ, ਰਿਸ਼ੀ ਪੁਰੀ ਮੰਡਲ ਜਨਰਲ ਸਕੱਤਰ, ਜਸਦੇਵ ਸਿੰਘ, ਬਲਵਿੰਦਰ ਸਿੰਘ, ਲਾਡੀ, ਧਰਮਪਾਲ ਗੁੱਜਰ, ਜਗਦੇਵ, ਹੰਸ ਰਾਜ, ਹੁਸ਼ਨ ਰਾਣੀ (ਮਹਿਲਾ ਮੋਰਚਾ), ਜਰਨੈਲ ਸਿੰਘ, ਵਿਕਲ ਪ੍ਰਜਾਪਤੀ, ਸਤੀਸ਼ ਕੁਮਾਰ, ਰਮੇਸ਼ਵਰ ਬਲਬੇਹੜਾ, ਰਾਕੇਸ਼ ਕੁਮਾਰ ਸਰਪੰਚ, ਗੁਰਮੇਲ ਸਿੰਘ, ਦੀਪਕ ਧੀਮਾਨ, ਮੰਗਾ ਰਾਮ, ਸੁਖਦੇਵ ਸਿੰਘ ਅਤੇ ਜਗਸੀਰ ਸਮੇਤ ਹੋਰ ਪਾਰਟੀ ਆਗੂ ਅਤੇ ਵਰਕਰ ਹਾਜ਼ਰ ਸਨ।



0 Comments