ਤਰਨਤਾਰਨ (ਪੰਜਾਬ ਲੋਕ ਸਮਾਚਾਰ ਬਿਓਰੋ)
ਵਿਧਾਨ ਸਭਾ ਹਲਕਾ 021 ਤਰਨਤਾਰਨ ਵਿੱਚ ਜ਼ਿਮਨੀ ਚੋਣ ਲਈ ਅੱਜ ਸਵੇਰੇ ਤੋਂ ਸ਼ੁਰੂ ਹੋਈ ਵੋਟਿੰਗ ਪ੍ਰਕਿਰਿਆ ਸ਼ਾਂਤਮਈ ਢੰਗ ਨਾਲ ਸਮਾਪਤ ਹੋ ਗਈ। ਭਾਰਤ ਚੋਣ ਕਮਿਸ਼ਨ ਵੱਲੋਂ ਚੋਣ ਨੂੰ ਪਾਰਦਰਸ਼ੀ ਅਤੇ ਨਿਸ਼ਪੱਖ ਬਣਾਉਣ ਲਈ ਸਖ਼ਤ ਸੁਰੱਖਿਆ ਉਪਾਅ ਕੀਤੇ ਗਏ ਸਨ, ਜਿਸ ਕਰਕੇ ਪੂਰੇ ਹਲਕੇ ਵਿੱਚ ਦਿਨ ਭਰ ਚੋਣ ਪ੍ਰਕਿਰਿਆ ਕਾਬਲ-ਏ-ਤਾਰੀਫ਼ ਢੰਗ ਨਾਲ ਚੱਲਦੀ ਰਹੀ।
ਇਹ ਸੀਟ ਵਿਧਾਇਕ ਕਸ਼ਮੀਰ ਸਿੰਘ ਸੋਹਲ ਦੇ ਦੇਹਾਂਤ ਤੋਂ ਬਾਅਦ ਖਾਲੀ ਹੋਈ ਸੀ, ਜਿਸ ਕਰਕੇ ਇਥੇ ਜ਼ਿਮਨੀ ਚੋਣ ਕਰਵਾਉਣਾ ਜ਼ਰੂਰੀ ਸੀ। ਚੋਣ ਮੈਦਾਨ ਵਿੱਚ ਕੁੱਲ 15 ਉਮੀਦਵਾਰ ਆਪਣੀ ਕਿਸਮਤ ਅਜ਼ਮਾ ਰਹੇ ਹਨ, ਜਦਕਿ 1.92 ਲੱਖ ਵੋਟਰਾਂ ਨੇ ਆਪਣੇ ਵੋਟ ਪਾ ਕੇ ਹਰ ਉਮੀਦਵਾਰ ਦੀ ਤਕਦੀਰ ਦਾ ਫੈਸਲਾ ਈਵੀਐੱਮ ਮਸ਼ੀਨਾਂ ਵਿੱਚ ਬੰਦ ਕਰ ਦਿੱਤਾ ਹੈ।
ਸਰਕਾਰੀ ਅੰਕੜਿਆਂ ਮੁਤਾਬਕ ਤਰਨਤਾਰਨ ਹਲਕੇ ਵਿੱਚ 60.95 ਫੀਸਦੀ ਵੋਟਿੰਗ ਦਰਜ ਕੀਤੀ ਗਈ, ਜੋ ਕਿ ਹਲਕੇ ਵਿੱਚ ਲੋਕਾਂ ਦੀ ਚੋਣ ਪ੍ਰਤੀ ਜ਼ਿੰਮੇਵਾਰੀ ਅਤੇ ਰੁਝਾਨ ਨੂੰ ਦਰਸਾਉਂਦੀ ਹੈ। ਸਵੇਰ ਤੋਂ ਹੀ ਵੋਟਿੰਗ ਸਟੇਸ਼ਨਾਂ ’ਤੇ ਵੋਟਰਾਂ ਦੀ ਹਾਜ਼ਰੀ ਨਜ਼ਰ ਆ ਰਹੀ ਸੀ ਤੇ ਦਿਨ ਚੜ੍ਹਦਿਆਂ ਇਹ ਗਿਣਤੀ ਹੋਰ ਵੀ ਵਧਦੀ ਗਈ। ਬੁਜ਼ੁਰਗਾਂ ਤੋਂ ਲੈ ਕੇ ਨੌਜਵਾਨਾਂ ਅਤੇ ਮਹਿਲਾਵਾਂ ਤੱਕ, ਚੋਣੀ ਰੁਝਾਨ ਹਲਕੇ ਵਿੱਚ ਕਾਫ਼ੀ ਉਤਸ਼ਾਹਪੂਰਣ ਰਿਹਾ।
ਪੂਰੀ ਚੋਣ ਪ੍ਰਕਿਰਿਆ ਦੌਰਾਨ ਕਿਸੇ ਵੱਡੀ ਅਣਚਾਹੀ ਘਟਨਾ ਦੀ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ, ਜਿਸ ਨਾਲ ਚੋਣ ਕਮਿਸ਼ਨ ਵੱਲੋਂ ਕੀਤੇ ਪ੍ਰਬੰਧਾਂ ਦੀ ਸਫ਼ਲਤਾ ਸਪਸ਼ਟ ਹੁੰਦੀ ਹੈ। ਹੁਣ ਲੋਕਾਂ ਦੀਆਂ ਨਿਗਾਹਾਂ 14 ਨਵੰਬਰ ਵੱਲ ਟਿਕੀਆਂ ਹੋਈਆਂ ਹਨ, ਜਦੋਂ ਈਵੀਐੱਮਾਂ ਵਿੱਚ ਬੰਦ ਨਤੀਜੇ ਸਾਹਮਣੇ ਆਉਣਗੇ ਅਤੇ ਇਹ pata ਲੱਗੇਗਾ ਕਿ ਤਰਨਤਾਰਨ ਸੀਟ ’ਤੇ ਕਿਹੜਾ ਉਮੀਦਵਾਰ ਆਪਣਾ ਝੰਡਾ ਲਹਿਰਾਉਂਦਾ ਹੈ।


0 Comments