ਅੰਮ੍ਰਿਤਸਰ, 29 ਸਤੰਬਰ (ਸਟਾਫ਼ ਰਿਪੋਟਰ) - ਰਣਜੀਤ ਐਵਨਿਊ ਦੇ ਦੁਸਹਿਰਾ ਗਰਾਊਂਡ ਵਿਖੇ 26 ਤੋਂ 28 ਸਤੰਬਰ ਤੱਕ ਲਗਾਇਆ ਗਿਆ ਤਿੰਨ ਰੋਜ਼ਾ ‘ਪੰਜਾਬ ਸਖੀ ਸ਼ਕਤੀ ਮੇਲਾ’ ਅੱਜ ਸ਼ਾਮ ਪੂਰੀ ਸ਼ਾਨੋ-ਸ਼ੌਕਤ ਨਾਲ ਸੰਪੰਨ ਹੋ ਗਿਆ। ਮੇਲੇ ਦੇ ਆਖ਼ਰੀ ਦਿਨ ਲੋਕਾਂ ਦਾ ਭਾਰੀ ਇਕੱਠ ਦੇਖਣ ਨੂੰ ਮਿਲਿਆ। ਵੱਡੀ ਗਿਣਤੀ ਵਿੱਚ ਪਹੁੰਚੇ ਲੋਕਾਂ ਨੇ ਮਹਿਲਾ ਉੱਦਮੀਆਂ ਅਤੇ ਸਵੈ-ਸਹਾਇਤਾ ਸਮੂਹਾਂ ਵੱਲੋਂ ਲਗਾਏ ਗਏ ਸਟਾਲਾਂ ਤੋਂ ਜੰਮ ਕੇ ਖਰੀਦਦਾਰੀ ਕੀਤੀ ਅਤੇ ਮੇਲੇ ਦਾ ਭਰਪੂਰ ਆਨੰਦ ਮਾਣਿਆ।ਮੇਲੇ ਦੌਰਾਨ ਮਹਿਲਾ ਉੱਦਮੀਆਂ ਵੱਲੋਂ ਤਿਆਰ ਕੀਤੇ ਗਏ ਵੱਖ-ਵੱਖ ਉਤਪਾਦਾਂ, ਹੱਥੀਂ ਬਣੀਆਂ ਵਸਤਾਂ, ਘਰੇਲੂ ਸਜਾਵਟ ਦੇ ਸਮਾਨ ਅਤੇ ਹੋਰ ਆਕਰਸ਼ਕ ਉਤਪਾਦਾਂ ਦੀ ਲੋਕਾਂ ਵੱਲੋਂ ਖੂਬ ਖਰੀਦਦਾਰੀ ਕੀਤੀ ਗਈ। ਇਸ ਮੇਲੇ ਨੇ ਮਹਿਲਾ ਉੱਦਮੀਆਂ ਨੂੰ ਆਪਣੇ ਉਤਪਾਦਾਂ ਦੀ ਵਿਕਰੀ ਲਈ ਇੱਕ ਵਧੀਆ ਮੰਚ ਪ੍ਰਦਾਨ ਕਰਨ ਦੇ ਨਾਲ-ਨਾਲ ਉਨ੍ਹਾਂ ਨੂੰ ਆਪਣੇ ਕਾਰੋਬਾਰ ਨੂੰ ਹੋਰ ਅੱਗੇ ਵਧਾਉਣ ਅਤੇ ਨਵੇਂ ਗਾਹਕਾਂ ਤੱਕ ਪਹੁੰਚ ਬਣਾਉਣ ਦਾ ਮੌਕਾ ਵੀ ਦਿੱਤਾ। ਮੇਲੇ ਦੇ ਆਖ਼ਰੀ ਦਿਨ ਦੀ ਸ਼ਾਮ ਪ੍ਰਸਿੱਧ ਗਾਇਕ ਮੰਡੇਰ ਬ੍ਰਦਰਜ਼ ਨੇ ਆਪਣੀ ਸ਼ਾਨਦਾਰ ਗਾਇਕੀ ਨਾਲ ਖੂਬ ਰੰਗ ਬੰਨ੍ਹਿਆ। ਉਨ੍ਹਾਂ ਦੀ ਦਿਲਕਸ਼ ਸੰਗੀਤਕ ਪੇਸ਼ਕਾਰੀ ਨੇ ਮੇਲੇ ਵਿੱਚ ਪਹੁੰਚੇ ਦਰਸ਼ਕਾਂ ਦਾ ਮਨ ਮੋਹ ਲਿਆ ਅਤੇ ਲੋਕਾਂ ਨੇ ਉਨ੍ਹਾਂ ਦੀ ਗਾਇਕੀ ਦਾ ਭਰਪੂਰ ਆਨੰਦ ਮਾਣਿਆ। ਮੰਡੇਰ ਬ੍ਰਦਰਜ਼ ਦੀ ਪੇਸ਼ਕਾਰੀ ਮੇਲੇ ਦੇ ਆਖ਼ਰੀ ਦਿਨ ਵਿਸ਼ੇਸ਼ ਖਿੱਚ ਦਾ ਕੇਂਦਰ ਰਹੀ। ਇਸ ਮੌਕੇ ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਸਰਬਜੀਤ ਸਿੰਘ ਬੱਲ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਇਹ ਉਪਰਾਲਾ ਮਹਿਲਾ ਉੱਦਮੀਆਂ ਲਈ ਇੱਕ ਬਹੁਤ ਵਧੀਆ ਮੰਚ ਸਾਬਤ ਹੋਇਆ ਹੈ। ਉਨ੍ਹਾਂ ਕਿਹਾ ਕਿ ਅਜਿਹੇ ਮੇਲਿਆਂ ਰਾਹੀਂ ਮਹਿਲਾਵਾਂ ਨੂੰ ਆਪਣੇ ਹੁਨਰ ਅਤੇ ਉਤਪਾਦਾਂ ਨੂੰ ਲੋਕਾਂ ਤੱਕ ਪਹੁੰਚਾਉਣ ਦੇ ਨਾਲ-ਨਾਲ ਆਪਣੇ ਕਾਰੋਬਾਰ ਨੂੰ ਮਜ਼ਬੂਤ ਕਰਨ ਦੇ ਮੌਕੇ ਮਿਲਦੇ ਹਨ। ਉਨ੍ਹਾਂ ਦੱਸਿਆ ਕਿ ਭਵਿੱਖ ਵਿੱਚ ਵੀ ਪੰਚਾਇਤ ਵਿਭਾਗ ਵੱਲੋਂ ਅਜਿਹੇ ਮੇਲੇ ਲਗਾਏ ਜਾਂਦੇ ਰਹਿਣਗੇ, ਤਾਂ ਜੋ ਮਹਿਲਾ ਸਵੈ-ਸਹਾਇਤਾ ਸਮੂਹਾਂ ਅਤੇ ਉੱਦਮੀਆਂ ਨੂੰ ਆਪਣੇ ਉਤਪਾਦਾਂ ਦੀ ਵਿਕਰੀ ਲਈ ਹੋਰ ਮੌਕੇ ਮਿਲ ਸਕਣ। ‘ਪੰਜਾਬ ਸਖੀ ਸ਼ਕਤੀ ਮੇਲੇ’ ਨੇ ਮਹਿਲਾ ਸਵੈ-ਸਹਾਇਤਾ ਸਮੂਹਾਂ ਅਤੇ ਉੱਦਮੀਆਂ ਨੂੰ ਆਪਣੇ ਹੁਨਰ, ਉਤਪਾਦਾਂ ਅਤੇ ਕਾਰੋਬਾਰੀ ਸਮਰੱਥਾ ਨੂੰ ਪ੍ਰਦਰਸ਼ਿਤ ਕਰਨ ਲਈ ਇੱਕ ਸਾਂਝਾ ਮੰਚ ਪ੍ਰਦਾਨ ਕੀਤਾ। ਮੇਲੇ ਦੇ ਆਖ਼ਰੀ ਦਿਨ ਲੋਕਾਂ ਦੀ ਵੱਡੀ ਸ਼ਮੂਲੀਅਤ ਅਤੇ ਖਰੀਦਦਾਰੀ ਨੇ ਇਸ ਸਮਾਗਮ ਨੂੰ ਯਾਦਗਾਰੀ ਬਣਾ ਦਿੱਤਾ। ਇਸ ਮੌਕੇ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਵਾਈਸ ਚੇਅਰਪਰਸਨ ਗੀਤਾ ਗਿੱਲ, ਬੀ.ਡੀ.ਪੀ.ਓ. ਪਰਗਟ ਸਿੰਘ, ਡੀ.ਪੀ.ਐਮ. ਮਨੋਜ ਕੁਮਾਰ, ਅਮਿਕਾ ਵਰਮਾ, ਪ੍ਰਭਪ੍ਰੀਤ ਸਿੰਘ, ਸੁਪ੍ਰੀਆ, ਸੁਪਰਡੈਂਟ ਵਰਿੰਦਰ ਸਿੰਘ, ਕਰਕੇ ਜਾਂਦੇ ਐਡਵੋਕੇਟ ਅਰਵਿੰਦਰ ਸਿੰਘ ਭੱਟੀ ਅਤੇ ਅਮਰਪਾਲ ਸਿੰਘ ਸਮੇਤ ਹੋਰ ਪਤਵੰਤੇ ਵੀ ਹਾਜ਼ਰ ਸਨ।

0 Comments