ਗੁਹਾਟੀ, 27 ਜੁਲਾਈ – ਅਸਾਮ ਵਿੱਚ ਹੜ੍ਹਾਂ ਕਾਰਨ ਸਥਿਤੀ ਅਜੇ ਵੀ ਗੰਭੀਰ ਬਣੀ ਹੋਈ ਹੈ। ਡਿਜ਼ਾਸਟਰ ਰਿਪੋਰਟਿੰਗ ਐਂਡ ਇਨਫਰਮੇਸ਼ਨ ਮੈਨੇਜਮੈਂਟ ਸਿਸਟਮ (ਡੀਆਰਆਈਐਮਐਸ) ਅਸਾਮ ਵੱਲੋਂ ਜਾਰੀ ਬੁਲੇਟਿਨ ਅਨੁਸਾਰ, ਹੜ੍ਹਾਂ ਅਤੇ ਇਸ ਨਾਲ ਜੁੜੀਆਂ ਘਟਨਾਵਾਂ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 68 ਹੋ ਗਈ ਹੈ।ਰਾਜ ਦੇ ਕਈ ਇਲਾਕੇ ਅਜੇ ਵੀ ਹੜ੍ਹਾਂ ਦੀ ਚਪੇਟ ਵਿੱਚ ਹਨ ਅਤੇ ਪ੍ਰਸ਼ਾਸਨ ਵੱਲੋਂ ਰਾਹਤ ਅਤੇ ਬਚਾਅ ਕਾਰਜ ਜੰਗੀ ਪੱਧਰ ’ਤੇ ਜਾਰੀ ਹਨ। ਸਰਕਾਰੀ ਅੰਕੜਿਆਂ ਮੁਤਾਬਕ ਚਰਾਈਦੇਵ, ਗੋਲਾਘਾਟ, ਜੋਰਹਾਟ, ਨਾਗਾਓਂ ਅਤੇ ਸ਼ਿਵਸਾਗਰ ਸਮੇਤ ਪੰਜ ਜ਼ਿਲ੍ਹਿਆਂ ਵਿੱਚ 5.24 ਲੱਖ ਤੋਂ ਵੱਧ ਲੋਕ ਹੜ੍ਹਾਂ ਨਾਲ ਪ੍ਰਭਾਵਿਤ ਹੋਏ ਹਨ।ਸਭ ਤੋਂ ਵੱਧ ਪ੍ਰਭਾਵਿਤ ਚਰਾਈਦੇਵ ਜ਼ਿਲ੍ਹਾ ਦੱਸਿਆ ਗਿਆ ਹੈ, ਜਿੱਥੇ ਹਾਲ ਹੀ ਵਿੱਚ ਡੁੱਬਣ ਦੀਆਂ ਘਟਨਾਵਾਂ ਕਾਰਨ ਕਈ ਮੌਤਾਂ ਦਰਜ ਕੀਤੀਆਂ ਗਈਆਂ ਹਨ। ਹੜ੍ਹਾਂ ਕਾਰਨ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ ਅਤੇ ਹਜ਼ਾਰਾਂ ਲੋਕਾਂ ਨੂੰ ਸੁਰੱਖਿਅਤ ਥਾਵਾਂ ਅਤੇ ਰਾਹਤ ਕੈਂਪਾਂ ਵਿੱਚ ਸ਼ਿਫਟ ਕੀਤਾ ਗਿਆ ਹੈ।ਪ੍ਰਸ਼ਾਸਨ ਨੇ ਪ੍ਰਭਾਵਿਤ ਇਲਾਕਿਆਂ ਵਿੱਚ ਰਾਹਤ ਸਮੱਗਰੀ ਦੀ ਸਪਲਾਈ ਤੇਜ਼ ਕਰ ਦਿੱਤੀ ਹੈ, ਜਦਕਿ ਲੋਕਾਂ ਨੂੰ ਦਰਿਆਵਾਂ ਅਤੇ ਪਾਣੀ ਭਰੇ ਖੇਤਰਾਂ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਗਈ ਹੈ।













0 Comments