ਮੋਹਾਲੀ, 22 ਸਤੰਬਰ (ਸਿਆਸੀ ਡੈਸਕ) - ਪੰਜਾਬ ਦੀ ਸਿਆਸਤ ਵਿੱਚ ਸਮਾਣਾ ਹਲਕੇ ਨੂੰ ਲੈ ਕੇ ਚਰਚਾ ਮੁੜ ਤੇਜ਼ ਹੋ ਗਈ ਹੈ। ਹਾਲ ਹੀ ਵਿੱਚ ਸਾਬਕਾ ਕੈਬਨਿਟ ਮੰਤਰੀ ਸੁਰਜੀਤ ਸਿੰਘ ਰੱਖੜਾ ਨੂੰ ਹਲਕਾ ਸਮਾਣਾ ਦਾ ਇੰਚਾਰਜ ਨਿਯੁਕਤ ਕੀਤੇ ਜਾਣ ਤੋਂ ਬਾਅਦ ਹੁਣ ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਸਾਬਕਾ ਮੰਤਰੀ ਚੇਤਨ ਸਿੰਘ ਜੋੜੇਮਾਜਰਾ ਦੀ ਇੱਕ ਸੋਸ਼ਲ ਮੀਡੀਆ ਪੋਸਟ ਨੇ ਸਿਆਸੀ ਹਲਕਿਆਂ ਵਿੱਚ ਚਰਚਾ ਨੂੰ ਹੋਰ ਹਵਾ ਦੇ ਦਿੱਤੀ ਹੈ। ਚੇਤਨ ਸਿੰਘ ਜੋੜੇਮਾਜਰਾ ਵੱਲੋਂ ਸਾਂਝੀ ਕੀਤੀ ਗਈ ਪੋਸਟ ਵਿੱਚ ਪ੍ਰਧਾਨ ਮੰਤਰੀ ਆਵਾਸ ਯੋਜਨਾ–ਗ੍ਰਾਮੀਣ (PMAY-G) ਤਹਿਤ ਸਮਾਣਾ ਹਲਕੇ ਵਿੱਚ ਕੱਚੇ ਮਕਾਨਾਂ ਨੂੰ ਪੱਕਾ ਕਰਨ ਲਈ ਮਨਜ਼ੂਰ ਕੀਤੇ ਮਕਾਨਾਂ ਸਬੰਧੀ ਜਾਣਕਾਰੀ ਦਿੱਤੀ ਗਈ ਹੈ। ਪੋਸਟ ਮੁਤਾਬਕ ਹਲਕੇ ਵਿੱਚ ਲਗਭਗ 12,615 ਕੱਚੇ ਮਕਾਨਾਂ ਨੂੰ ਯੋਜਨਾ ਤਹਿਤ ਮਨਜ਼ੂਰੀ ਮਿਲੀ ਹੈ।
ਚੇਤਨ ਸਿੰਘ ਜੋੜੇਮਾਜਰਾ ‘ਆਪ’ ਦੇ ਵਿਧਾਇਕ ਹਨ, ਜਦਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੇ ਮੁਖੀ ਹਨ। ਇਸ ਪਿਛੋਕੜ ਵਿੱਚ ਸੋਸ਼ਲ ਮੀਡੀਆ ਪੋਸਟ ਨੂੰ ਲੈ ਕੇ ਸਿਆਸੀ ਗਲਿਆਰਿਆਂ ਵਿੱਚ ਵੱਖ-ਵੱਖ ਕਿਆਸ ਲਗਾਏ ਜਾ ਰਹੇ ਹਨ। ਕੁਝ ਹਲਕਿਆਂ ਵਿੱਚ ਇਹ ਸਵਾਲ ਵੀ ਉੱਠ ਰਿਹਾ ਹੈ ਕਿ ਕੀ ਆਉਣ ਵਾਲੇ ਸਮੇਂ ਵਿੱਚ ਜੋੜੇਮਾਜਰਾ ਦੀ ਸਿਆਸੀ ਭੂਮਿਕਾ ਵਿੱਚ ਕੋਈ ਤਬਦੀਲੀ ਹੋ ਸਕਦੀ ਹੈ। ਹਾਲਾਂਕਿ, ਭਾਜਪਾ ਵਿੱਚ ਸ਼ਾਮਲ ਹੋਣ ਸਬੰਧੀ ਜੋੜੇਮਾਜਰਾ ਵੱਲੋਂ ਕੋਈ ਅਧਿਕਾਰਤ ਐਲਾਨ ਜਾਂ ਪੁਸ਼ਟੀ ਸਾਹਮਣੇ ਨਹੀਂ ਆਈ।

0 Comments