ਚੰਡੀਗੜ੍ਹ, 11 ਜੁਲਾਈ- ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਲਗਭਗ 700 ਨਵੀਆਂ ਹਾਈਟੈਕ ਬੱਸਾਂ ਖਰੀਦਣ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਲਈ ਜਾਰੀ ਕੀਤੇ ਗਏ ਟੈਂਡਰ ਵਿਚ ਟਾਟਾ ਮੋਟਰਜ਼ ਅਤੇ ਅਸ਼ੋਕ ਲੇਲੈਂਡ ਨੇ ਹਿੱਸਾ ਲਿਆ ਸੀ ਅਤੇ ਟੈਂਡਰ ਅਸ਼ੋਕ ਲੇਲੈਂਡ ਨੂੰ ਦਿੱਤਾ ਗਿਆ ਹੈ। ਇਸ ਨਾਲ ਪੰਜਾਬ ਸਰਕਾਰ ਦੇ ਬੱਸ ਬੇੜੇ ਵਿਚ 700 ਨਵੀਆਂ ਬੱਸਾਂ ਸ਼ਾਮਲ ਹੋਣਗੀਆਂ।ਚੀਮਾ ਨੇ ਦੱਸਿਆ ਕਿ ਇਹ ਬੱਸਾਂ ਨਵੀਨਤਮ ਤਕਨਾਲੋਜੀ ਨਾਲ ਲੈਸ ਹੋਣਗੀਆਂ। ਇਨ੍ਹਾਂ ਵਿਚ ਜੀਪੀਐਸ (GPS) ਸਿਸਟਮ, ਅੰਦਰੂਨੀ ਅਤੇ ਬਾਹਰੀ ਸੀਸੀਟੀਵੀ ਕੈਮਰੇ ਲਗੇ ਹੋਣਗੇ, ਜਿਸ ਨਾਲ ਹਰ ਬੱਸ ਦੀ ਸਥਿਤੀ ਅਤੇ ਗਤੀ ਦੀ ਰੀਅਲ-ਟਾਈਮ ਨਿਗਰਾਨੀ ਕੀਤੀ ਜਾ ਸਕੇਗੀ। ਉਨ੍ਹਾਂ ਕਿਹਾ ਕਿ ਇਹ ਪੰਜਾਬ ਸਰਕਾਰ ਲਈ ਇੱਕ ਮਹੱਤਵਪੂਰਨ ਪ੍ਰਾਪਤੀ ਹੈ।
ਉਨ੍ਹਾਂ ਕਿਹਾ ਕਿ ਸਰਕਾਰ ਨੇ ਟਿਕਟਿੰਗ ਪ੍ਰਣਾਲੀ ਨੂੰ ਵੀ ਪੂਰੀ ਤਰ੍ਹਾਂ ਡਿਜੀਟਲ ਬਣਾਉਣ ਵੱਲ ਕਦਮ ਚੁੱਕੇ ਹਨ। ਹੁਣ ਯਾਤਰੀ, ਖ਼ਾਸ ਕਰਕੇ ਨੌਜਵਾਨ, ਘਰ ਬੈਠੇ ਹੀ ਡਿਜੀਟਲ ਭੁਗਤਾਨ ਰਾਹੀਂ ਬੱਸ ਟਿਕਟ ਬੁੱਕ ਕਰ ਸਕਣਗੇ ਅਤੇ ਨਿਰਧਾਰਤ ਸਮੇਂ 'ਤੇ ਯਾਤਰਾ ਕਰ ਸਕਣਗੇ।ਵਿੱਤ ਮੰਤਰੀ ਨੇ ਦੱਸਿਆ ਕਿ ਨਵੀਆਂ ਬੱਸਾਂ ਦੇ ਸ਼ਾਮਲ ਹੋਣ ਨਾਲ ਪੰਜਾਬ ਸਰਕਾਰ ਦੇ ਕੁੱਲ ਬੱਸ ਬੇੜੇ ਦੀ ਗਿਣਤੀ 3,546 ਤੱਕ ਪਹੁੰਚ ਜਾਵੇਗੀ। ਉਨ੍ਹਾਂ ਦਾਅਵਾ ਕੀਤਾ ਕਿ ਇਸ ਨਾਲ ਪੰਜਾਬ ਜਨਤਕ ਖੇਤਰ ਦੇ ਬੱਸ ਫਲੀਟ ਦੇ ਮਾਮਲੇ ਵਿਚ ਦੇਸ਼ ਦਾ ਨੰਬਰ-1 ਸੂਬਾ ਬਣ ਜਾਵੇਗਾ। ਉਨ੍ਹਾਂ ਕਿਹਾ ਕਿ ਬੱਸ ਬੇੜੇ ਵਿਚ 56 ਫੀਸਦੀ ਵਾਧਾ ਕੀਤਾ ਜਾ ਰਿਹਾ ਹੈ, ਜਿਸ ਨਾਲ ਸੂਬੇ ਦੇ ਲੋਕਾਂ ਨੂੰ ਆਵਾਜਾਈ ਦੀਆਂ ਬਿਹਤਰ ਅਤੇ ਆਧੁਨਿਕ ਸਹੂਲਤਾਂ ਮਿਲਣਗੀਆਂ।
.jpg)


0 Comments