ਨਵੀਂ ਦਿੱਲੀ, 15 ਜੁਲਾਈ- ਪੰਜਾਬ ਕਾਂਗਰਸ ਵਿਚ ਚੱਲ ਰਹੇ ਅੰਦਰੂਨੀ ਤਣਾਅ ਦੇ ਮੱਦੇਨਜ਼ਰ ਦਿੱਲੀ ਵਿਚ ਅੱਜ ਇਕ ਅਹਿਮ ਮੀਟਿੰਗ ਨੇ ਸਿਆਸੀ ਹਲਕਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ। ਪੰਜਾਬ ਕਾਂਗਰਸ ਦੇ ਸੀਨੀਅਰ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਆਲ ਇੰਡੀਆ ਕਾਂਗਰਸ ਕਮੇਟੀ (ਏ.ਆਈ.ਸੀ.ਸੀ.) ਦੇ ਜਨਰਲ ਸਕੱਤਰ ਕੇ.ਸੀ. ਵੇਣੂਗੋਪਾਲ ਦੇ ਨਿਵਾਸ ਸਥਾਨ 'ਤੇ ਪਹੁੰਚ ਕੇ ਪੰਜਾਬ ਦੀ ਮੌਜੂਦਾ ਸਿਆਸੀ ਸਥਿਤੀ ਸਬੰਧੀ ਆਪਣੇ ਵਿਚਾਰ ਹਾਈਕਮਾਂਡ ਸਾਹਮਣੇ ਰੱਖੇ।ਮੀਟਿੰਗ ਦੌਰਾਨ ਉਸ ਵੇਲੇ ਸਥਿਤੀ ਨੇ ਨਾਟਕੀ ਮੋੜ ਲੈ ਲਿਆ ਜਦੋਂ ਨਵੇਂ ਨਿਯੁਕਤ ਪੰਜਾਬ ਕਾਂਗਰਸ ਇੰਚਾਰਜ ਭੁਪੇਸ਼ ਬਘੇਲ ਵੀ ਕੇ.ਸੀ. ਵੇਣੂਗੋਪਾਲ ਦੇ ਨਿਵਾਸ 'ਤੇ ਪਹੁੰਚੇ। ਭੁਪੇਸ਼ ਬਘੇਲ ਦੇ ਆਉਣ ਤੋਂ ਕੁਝ ਮਿੰਟ ਬਾਅਦ ਹੀ ਪ੍ਰਤਾਪ ਸਿੰਘ ਬਾਜਵਾ ਨੂੰ ਉਥੋਂ ਰਵਾਨਾ ਹੁੰਦੇ ਦੇਖਿਆ ਗਿਆ। ਬਾਜਵਾ ਨੇ ਮੀਡੀਆ ਨਾਲ ਵਿਸਥਾਰ ਵਿਚ ਗੱਲਬਾਤ ਕਰਨ ਤੋਂ ਗੁਰੇਜ਼ ਕੀਤਾ ਅਤੇ ਕੇਵਲ ਇਹ ਕਿਹਾ ਕਿ ਉਹ ਕੁਝ ਸਮੇਂ ਬਾਅਦ ਵਾਪਸ ਆ ਕੇ ਮੀਡੀਆ ਨੂੰ ਸੰਬੋਧਨ ਕਰਨਗੇ।ਪ੍ਰਤਾਪ ਸਿੰਘ ਬਾਜਵਾ ਦੇ ਅਚਾਨਕ ਜਾਣ ਨਾਲ ਸਿਆਸੀ ਗਲਿਆਰਿਆਂ ਵਿਚ ਕਈ ਤਰ੍ਹਾਂ ਦੀਆਂ ਚਰਚਾਵਾਂ ਸ਼ੁਰੂ ਹੋ ਗਈਆਂ ਹਨ।
ਇਸ ਦੇ ਨਾਲ ਹੀ, ਸੂਤਰਾਂ ਦੇ ਹਵਾਲੇ ਨਾਲ ਇਹ ਵੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਧੜੇ ਨੇ ਪੰਜਾਬ ਕਾਂਗਰਸ ਇੰਚਾਰਜ ਭੁਪੇਸ਼ ਬਘੇਲ ਦੇ ਰਵੱਈਏ ਨੂੰ ਲੈ ਕੇ ਕਾਂਗਰਸ ਹਾਈਕਮਾਂਡ ਕੋਲ ਸ਼ਿਕਾਇਤ ਦਰਜ ਕਰਵਾਈ ਹੈ।ਚੰਨੀ ਧੜੇ ਦਾ ਦੋਸ਼ ਹੈ ਕਿ ਭੁਪੇਸ਼ ਬਘੇਲ ਦਾ ਉਨ੍ਹਾਂ ਪ੍ਰਤੀ ਰਵੱਈਆ ਸੰਤੋਸ਼ਜਨਕ ਨਹੀਂ ਰਿਹਾ, ਜਿਸ ਕਾਰਨ ਪਾਰਟੀ ਦੇ ਅੰਦਰ ਅਸੰਤੋਸ਼ ਵਧਿਆ ਹੈ। ਦਿੱਲੀ ਵਿਚ ਹੋਈ ਇਹ ਮੀਟਿੰਗ ਅਤੇ ਨੇਤਾਵਾਂ ਵਿਚਕਾਰ ਦਿਖ ਰਹੀ ਦੂਰੀ ਇਸ ਗੱਲ ਦਾ ਸੰਕੇਤ ਹੈ ਕਿ ਪੰਜਾਬ ਕਾਂਗਰਸ ਵਿਚ ਚੱਲ ਰਿਹਾ ਅੰਦਰੂਨੀ ਸੰਕਟ ਅਜੇ ਵੀ ਜਾਰੀ ਹੈ।ਹੁਣ ਸਾਰਿਆਂ ਦੀਆਂ ਨਜ਼ਰਾਂ ਕਾਂਗਰਸ ਹਾਈਕਮਾਂਡ 'ਤੇ ਟਿਕੀਆਂ ਹੋਈਆਂ ਹਨ ਕਿ ਉਹ ਇਸ ਧੜੇਬੰਦੀ ਨੂੰ ਖਤਮ ਕਰਨ ਅਤੇ ਪਾਰਟੀ ਨੂੰ ਇਕਜੁੱਟ ਕਰਨ ਲਈ ਕੀ ਫੈਸਲਾ ਕਰਦੀ ਹੈ।



0 Comments