ਜਲੰਧਰ, 16 ਜੁਲਾਈ - ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਲੰਧਰ ਦੌਰੇ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਂਦਿਆਂ ਕਿਹਾ ਕਿ ਸ਼ੁਰੂਆਤ ਵਿਚ ਇਹ ਪ੍ਰੋਗਰਾਮ ਰੇਲਵੇ ਨਾਲ ਸੰਬੰਧਿਤ ਸੀ, ਪਰ ਬਾਅਦ ਵਿਚ ਸੀਨੀਅਰ ਭਾਜਪਾ ਆਗੂਆਂ ਦੇ ਕਹਿਣ 'ਤੇ ਇਸ ਨੂੰ ਸਿਆਸੀ ਰੂਪ ਦੇ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਲੋਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦੇਖਣਾ ਚਾਹੁੰਦੇ ਹਨ, ਜਿਸ ਕਰਕੇ ਇਹ ਫੈਸਲਾ ਲਿਆ ਗਿਆ।ਬਿੱਟੂ ਨੇ ਦੱਸਿਆ ਕਿ ਜਲੰਧਰ ਵਿਚ ਹੋਣ ਵਾਲੇ ਇਸ ਪ੍ਰੋਗਰਾਮ ਲਈ ਪੰਡਾਲ ਵਿਚ 10 ਤੋਂ 15 ਹਜ਼ਾਰ ਲੋਕਾਂ ਦੇ ਬੈਠਣ ਦਾ ਪ੍ਰਬੰਧ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜਿਹੜੇ ਲੋਕ ਪ੍ਰੋਗਰਾਮ ਵਿਚ ਨਹੀਂ ਪਹੁੰਚ ਸਕਣਗੇ, ਉਹ ਘਰ ਬੈਠੇ ਹੀ ਪ੍ਰਧਾਨ ਮੰਤਰੀ ਦਾ ਸੰਬੋਧਨ ਲਾਈਵ ਦੇਖ ਸਕਦੇ ਹਨ।
ਬਹਿਬਲ ਕਲਾਂ ਮਾਮਲੇ ਵਿਚ ਵਿਸ਼ੇਸ਼ ਜਾਂਚ ਟੀਮ (ਐਸ.ਆਈ.ਟੀ.) ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਤਲਬ ਕੀਤੇ ਜਾਣ ਬਾਰੇ ਪੁੱਛੇ ਜਾਣ 'ਤੇ ਬਿੱਟੂ ਨੇ ਕਿਹਾ ਕਿ ਇਹ ਸੁਖਬੀਰ ਬਾਦਲ ਅਤੇ ਐਸ.ਆਈ.ਟੀ. ਵਿਚਕਾਰ ਦਾ ਮਾਮਲਾ ਹੈ ਅਤੇ ਉਹ ਇਸ 'ਤੇ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦੇ।ਇਸ ਤੋਂ ਇਲਾਵਾ, ਪ੍ਰਧਾਨ ਮੰਤਰੀ ਦੇ ਪੰਜਾਬ ਦੌਰੇ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੀਤੇ ਗਏ ਸਵਾਗਤ ਬਾਰੇ ਵਿਅੰਗ ਕਰਦਿਆਂ ਬਿੱਟੂ ਨੇ ਕਿਹਾ, "ਜੇਕਰ ਅਰਵਿੰਦ ਕੇਜਰੀਵਾਲ ਇਜਾਜ਼ਤ ਦੇਣਗੇ ਤਾਂ ਮੁੱਖ ਮੰਤਰੀ ਜ਼ਰੂਰ ਆਉਣਗੇ।" ਉਨ੍ਹਾਂ ਕਿਹਾ ਕਿ ਫਿਲਹਾਲ ਮੁੱਖ ਮੰਤਰੀ ਦੇ ਪ੍ਰੋਗਰਾਮ ਵਿਚ ਸ਼ਾਮਲ ਹੋਣ ਸਬੰਧੀ ਕੋਈ ਅਧਿਕਾਰਿਕ ਜਾਣਕਾਰੀ ਨਹੀਂ ਹੈ।ਸਤਲੁਜ ਫਿਲਮ ਵਿਵਾਦ ਬਾਰੇ ਪੁੱਛੇ ਜਾਣ 'ਤੇ ਕੇਂਦਰੀ ਮੰਤਰੀ ਨੇ ਕਿਹਾ ਕਿ ਇਹ ਦੋ ਪਰਿਵਾਰਾਂ ਵਿਚਕਾਰ ਦਾ ਮਾਮਲਾ ਹੈ ਅਤੇ ਇਸ ਤੋਂ ਵੱਧ ਉਹ ਇਸ 'ਤੇ ਕੁਝ ਨਹੀਂ ਕਹਿਣਾ ਚਾਹੁੰਦੇ।
.jpg)


0 Comments