ਆਪਣੀ ਹੀ ਸਰਕਾਰ ਖ਼ਿਲਾਫ਼ ਬੋਲਣ ਵਾਲੇ ਮੌੜ ਦੇ ਵਿਧਾਇਕ ਨੂੰ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਕੀਤਾ ਬਰਖ਼ਾਸਤ
ਚੰਡੀਗੜ੍ਹ, 3 ਅਕਤੂਬਰ (ਬਿਓਰੋ ਰਿਪੋਰਟ) — ਆਮ ਆਦਮੀ ਪਾਰਟੀ ਵੱਲੋਂ ਹਲਕਾ ਮੌੜ ਤੋਂ ਵਿਧਾਇਕ ਸੁਖਵੀਰ ਸਿੰਘ ਮਾਈਸਰਖਾਨਾ ਖ਼ਿਲਾਫ਼ ਵੱਡੀ ਕਾਰਵਾਈ ਕਰਦਿਆਂ ਉਨ੍ਹਾਂ ਨੂੰ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਤੁਰੰਤ ਬਰਖ਼ਾਸਤ ਕਰ ਦਿੱਤਾ ਗਿਆ ਹੈ। ਪਾਰਟੀ ਵੱਲੋਂ ਇਹ ਕਾਰਵਾਈ ਕਥਿਤ ਪਾਰਟੀ ਵਿਰੋਧੀ ਗਤੀਵਿਧੀਆਂ, ਝੂਠੀਆਂ ਅਫ਼ਵਾਹਾਂ ਫੈਲਾਉਣ ਅਤੇ ਪਾਰਟੀ ਦਾ ਅਕਸ ਖ਼ਰਾਬ ਕਰਨ ਦੇ ਦੋਸ਼ਾਂ ਤਹਿਤ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਅੱਜ ਹੀ ਵਿਧਾਇਕ ਸੁਖਵੀਰ ਸਿੰਘ ਮਾਈਸਰਖਾਨਾ ਦੀ ਇੱਕ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ, ਜਿਸ ਵਿੱਚ ਉਹ ਆਪਣੀ ਹੀ ਆਮ ਆਦਮੀ ਪਾਰਟੀ ਦੀ ਸਰਕਾਰ ਖ਼ਿਲਾਫ਼ ਸਵਾਲ ਚੁੱਕਦੇ ਹੋਏ ਦਿਖਾਈ ਦੇ ਰਹੇ ਹਨ। ਵਿਧਾਇਕ ਵੱਲੋਂ ਸਰਕਾਰ ਦੇ ਕੰਮਕਾਜ ਅਤੇ ਆਪਣੇ ਹਲਕੇ ਨਾਲ ਜੁੜੇ ਮੁੱਦਿਆਂ ਨੂੰ ਲੈ ਕੇ ਸਵਾਲ ਉਠਾਏ ਗਏ ਸਨ। ਪਾਰਟੀ ਵੱਲੋਂ ਕਿਹਾ ਗਿਆ ਹੈ ਕਿ ਵਿਧਾਇਕ ਮਾਈਸਰਖਾਨਾ ਵੱਲੋਂ ਜਿਸ ਸਕੂਲ ਵਿੱਚ ਅਧਿਆਪਕਾਂ ਦੀ ਘਾਟ ਸਬੰਧੀ ਗੱਲ ਕੀਤੀ ਗਈ ਸੀ, ਉੱਥੇ ਪਹਿਲਾਂ ਹੀ 25 ਅਧਿਆਪਕ ਮੌਜੂਦ ਹਨ। see more..............
ਪਾਰਟੀ ਨੇ ਉਨ੍ਹਾਂ ਵੱਲੋਂ ਕੀਤੇ ਗਏ ਦਾਅਵਿਆਂ ਨੂੰ ਗਲਤ ਕਰਾਰ ਦਿੰਦਿਆਂ ਪਾਰਟੀ ਨੂੰ ਬਦਨਾਮ ਕਰਨ ਦਾ ਦੋਸ਼ ਲਗਾਇਆ ਹੈ। ਇਸ ਘਟਨਾਕ੍ਰਮ ਨੇ ਪਟਿਆਲਾ ਜ਼ਿਲ੍ਹੇ ਦੇ ਸਨੌਰ ਹਲਕੇ ਦੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨਾਲ ਜੁੜੇ ਪੁਰਾਣੇ ਵਿਵਾਦ ਦੀ ਵੀ ਯਾਦ ਤਾਜ਼ਾ ਕਰ ਦਿੱਤੀ ਹੈ। ਪਠਾਣਮਾਜਰਾ ਵੱਲੋਂ ਵੀ ਆਪਣੀ ਹੀ ਸਰਕਾਰ ਅਤੇ ਪਾਰਟੀ ਦੇ ਕੰਮਕਾਜ ਸਬੰਧੀ ਖੁੱਲ੍ਹ ਕੇ ਸਵਾਲ ਚੁੱਕੇ ਜਾਣ ਦਾ ਮਾਮਲਾ ਚਰਚਾ ਵਿੱਚ ਰਿਹਾ ਸੀ। ਹੁਣ ਸਿਆਸੀ ਹਲਕਿਆਂ ਵਿੱਚ ਚਰਚਾ ਹੈ ਕਿ ਪਠਾਣਮਾਜਰਾ ਤੋਂ ਬਾਅਦ ਮਾਈਸਰਖਾਨਾ ਦੇ ਮਾਮਲੇ ਵਿੱਚ ਆਮ ਆਦਮੀ ਪਾਰਟੀ ਦੀ ਅਗਲੀ ਕਾਰਵਾਈ ਕੀ ਹੋਵੇਗੀ? ਕੀ ਇਹ ਮਾਮਲਾ ਵੀ ਪਾਰਟੀ ਅਤੇ ਵਿਧਾਇਕ ਵਿਚਕਾਰ ਹੋਰ ਵੱਡੇ ਟਕਰਾਅ ਦਾ ਰੂਪ ਧਾਰਨ ਕਰੇਗਾ ਜਾਂ ਆਉਣ ਵਾਲੇ ਦਿਨਾਂ ਵਿੱਚ ਕੋਈ ਸਿਆਸੀ ਹੱਲ ਨਿਕਲੇਗਾ, ਇਹ ਦੇਖਣਾ ਦਿਲਚਸਪ ਹੋਵੇਗਾ।

0 Comments