ਨਵੀਂ ਦਿੱਲੀ — ਰਾਜ ਸਭਾ ਮੈਂਬਰ John Brittas ਨੇ ਕੇਂਦਰੀ ਸਿੱਖਿਆ ਮੰਤਰੀ Dharmendra Pradhan ਨੂੰ ਪੱਤਰ ਲਿਖ ਕੇ ਸੀ.ਬੀ.ਐੱਸ.ਈ. ਦੀ ਕਲਾਸ 12ਵੀਂ ਦੇ 2026 ਦੇ ਪ੍ਰੀਖਿਆ ਨਤੀਜਿਆਂ ‘ਤੇ ਚਿੰਤਾ ਜਤਾਈ ਹੈ। ਉਨ੍ਹਾਂ ਨੇ ਮੁਲਾਂਕਣ ਪ੍ਰਕਿਰਿਆ, ਪੁਨਰ-ਮੁਲਾਂਕਣ ਪ੍ਰਣਾਲੀ ਅਤੇ ਉੱਤਰ-ਸ਼ੀਟ ਪਹੁੰਚ ਪੋਰਟਲ ਵਿੱਚ ਆਈਆਂ ਤਕਨੀਕੀ ਖਾਮੀਆਂ ਦੀ ਸੁਤੰਤਰ ਜਾਂਚ ਦੀ ਮੰਗ ਕੀਤੀ ਹੈ 21 ਮਈ ਨੂੰ ਲਿਖੇ ਪੱਤਰ ਵਿੱਚ ਬਿ੍ਟਾਸ ਨੇ ਕਿਹਾ ਕਿ ਨਤੀਜੇ ਜਾਰੀ ਹੋਣ ਤੋਂ ਬਾਅਦ ਵਿਦਿਆਰਥੀਆਂ, ਮਾਪਿਆਂ ਅਤੇ ਅਧਿਆਪਕਾਂ ਵਿੱਚ ਕਾਫ਼ੀ ਚਿੰਤਾ ਦੇਖਣ ਨੂੰ ਮਿਲੀ ਹੈ। ਉਨ੍ਹਾਂ ਦੇ ਅਨੁਸਾਰ, ਕੁੱਲ ਪਾਸ ਪ੍ਰਤੀਸ਼ਤ 2025 ਦੇ 88.39 ਫ਼ੀਸਦੀ ਤੋਂ ਘਟ ਕੇ 2026 ਵਿੱਚ 85.20 ਫ਼ੀਸਦੀ ਰਹਿ ਗਿਆ ਹੈ।
ਸੀ.ਪੀ.ਆਈ. (ਐੱਮ.) ਦੇ ਆਗੂ ਨੇ ਕਿਹਾ ਕਿ ਕਈ ਸਿੱਖਿਆ ਮਾਹਿਰ ਇਸ ਗਿਰਾਵਟ ਲਈ ਆਨ-ਸਕ੍ਰੀਨ ਮਾਰਕਿੰਗ (ਓ.ਐੱਸ.ਐੱਮ.) ਪ੍ਰਣਾਲੀ, ਭੌਤਿਕ ਵਿਗਿਆਨ ਅਤੇ ਗਣਿਤ ਵਰਗੇ ਵਿਸ਼ਿਆਂ ਦੇ ਔਖੇ ਪ੍ਰਸ਼ਨ ਪੱਤਰ ਅਤੇ ਸਖ਼ਤ ਮੁਲਾਂਕਣ ਪ੍ਰਕਿਰਿਆ ਨੂੰ ਜ਼ਿੰਮੇਵਾਰ ਮੰਨ ਰਹੇ ਹਨ। ਬਿ੍ਟਾਸ ਨੇ ਉਹਨਾਂ ਵਿਦਿਆਰਥੀਆਂ ਦੇ ਮਾਮਲੇ ਵੀ ਉੱਠਾਏ ਜਿਨ੍ਹਾਂ ਨੇ ਜੇ.ਈ.ਈ. ਅਤੇ ਨੀਟ ਵਰਗੀਆਂ ਪ੍ਰਤੀਯੋਗੀ ਪ੍ਰਵੇਸ਼ ਪ੍ਰੀਖਿਆਵਾਂ ਪਾਸ ਕੀਤੀਆਂ, ਪਰ ਕਥਿਤ ਤੌਰ ‘ਤੇ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ ਵਿੱਚ ਘੱਟੋ-ਘੱਟ ਪਾਸ ਅੰਕ ਹਾਸਲ ਕਰਨ ਵਿੱਚ ਅਸਫ਼ਲ ਰਹੇ। ਉਨ੍ਹਾਂ ਨੇ ਇਸ ਮਾਮਲੇ ਦੀ ਗੰਭੀਰਤਾ ਨਾਲ ਸਮੀਖਿਆ ਕਰਨ ਦੀ ਮੰਗ ਕੀਤੀ ਹੈ।

0 Comments