ਤਰਨਤਾਰਨ — ਸ਼੍ਰੋਮਣੀ ਅਕਾਲੀ ਦਲ ਦੇ ਤਰਨਤਾਰਨ ਤੋਂ ਹਲਕਾ ਇੰਚਾਰਜ ਕੰਚਨਪ੍ਰੀਤ ਕੌਰ ਨੇ ਕਾਂਗਰਸੀ ਆਗੂ ਕੁਲਬੀਰ ਸਿੰਘ ਜ਼ੀਰਾ ਵੱਲੋਂ ਆਪਣੇ ਖ਼ਿਲਾਫ਼ ਵਰਤੀ ਗਈ ਅਪਮਾਨਜਨਕ ਅਤੇ ਭੱਦੀ ਸ਼ਬਦਾਵਲੀ ਦਾ ਤਿੱਖਾ ਜਵਾਬ ਦਿੰਦਿਆਂ ਕਿਹਾ ਹੈ ਕਿ ਉਹ ਕਿਸੇ ਵੀ ਤਰ੍ਹਾਂ ਦੀ ਧਮਕੀ ਜਾਂ ਦਬਾਅ ਅੱਗੇ ਝੁਕਣ ਵਾਲੀਆਂ ਨਹੀਂ ਹਨ। ਇਹ ਪ੍ਰਤੀਕਿਰਿਆ ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਖਾਤਿਆਂ ਉੱਤੇ ਸਾਂਝੀ ਕੀਤੀ ਇਕ ਵੀਡੀਓ ਸੰਦੇਸ਼ ਰਾਹੀਂ ਦਿੱਤੀ।
ਕੰਚਨਪ੍ਰੀਤ ਕੌਰ ਨੇ ਕਿਹਾ ਕਿ ਜੇਕਰ ਕੁਲਬੀਰ ਸਿੰਘ ਜ਼ੀਰਾ ਨੂੰ ਇਹ ਭਰਮ ਹੈ ਕਿ ਨਿੱਜੀ ਟਿੱਪਣੀਆਂ ਅਤੇ ਅਪਮਾਨਜਨਕ ਭਾਸ਼ਾ ਵਰਤ ਕੇ ਉਹ ਉਨ੍ਹਾਂ ਨੂੰ ਚੁੱਪ ਕਰਵਾ ਲੈਣਗੇ, ਤਾਂ ਉਹ ਇਹ ਵਹਿਮ ਤੁਰੰਤ ਦਿਲੋਂ ਕੱਢ ਦੇਣ। ਉਨ੍ਹਾਂ ਸਪੱਸ਼ਟ ਕੀਤਾ ਕਿ ਉਹ ਸੱਚ ਅਤੇ ਲੋਕਾਂ ਦੇ ਹੱਕਾਂ ਲਈ ਆਵਾਜ਼ ਬੁਲੰਦ ਕਰਦੀਆਂ ਰਹੀਆਂ ਹਨ ਅਤੇ ਅੱਗੇ ਵੀ ਨਿਡਰ ਹੋ ਕੇ ਆਪਣੀ ਗੱਲ ਰੱਖਦੀਆਂ ਰਹਿਣਗੀਆਂ।ਉਨ੍ਹਾਂ ਕਿਹਾ ਕਿ ਮੌਜੂਦਾ ਸਰਕਾਰ ਵੱਲੋਂ ਵੀ ਕਈ ਵਾਰ ਉਨ੍ਹਾਂ ਨੂੰ ਡਰਾਉਣ ਅਤੇ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ ਗਈ, ਪਰ ਉਹ ਕਿਸੇ ਵੀ ਹਾਲਤ ਵਿੱਚ ਨਹੀਂ ਡਰੀਆਂ। ਉਨ੍ਹਾਂ ਜੋੜਿਆ ਕਿ ਜਦੋਂ ਉਹ ਸਰਕਾਰੀ ਦਬਾਅ ਦੇ ਸਾਹਮਣੇ ਨਹੀਂ ਝੁਕੀਆਂ, ਤਾਂ ਕਿਸੇ ਰਾਜਨੀਤਿਕ ਆਗੂ ਦੀ ਭੱਦੀ ਬਿਆਨਬਾਜ਼ੀ ਉਨ੍ਹਾਂ ਨੂੰ ਕਦੇ ਵੀ ਚੁੱਪ ਨਹੀਂ ਕਰਵਾ ਸਕਦੀ।ਕੰਚਨਪ੍ਰੀਤ ਕੌਰ ਨੇ ਦ੍ਰਿੜਤਾ ਨਾਲ ਕਿਹਾ ਕਿ ਨਿੱਜੀ ਹਮਲੇ ਅਤੇ ਅਪਮਾਨਜਨਕ ਸ਼ਬਦ ਕਿਸੇ ਦੀ ਹਿੰਮਤ ਨੂੰ ਕਮਜ਼ੋਰ ਨਹੀਂ ਕਰ ਸਕਦੇ। ਉਨ੍ਹਾਂ ਦਾ ਇਹ ਵੀਡੀਓ ਸੰਦੇਸ਼ ਰਾਜਨੀਤਿਕ ਹਲਕਿਆਂ ਵਿੱਚ ਇੱਕ ਮਜ਼ਬੂਤ, ਨਿਡਰ ਅਤੇ ਸਪੱਸ਼ਟ ਜਵਾਬ ਵਜੋਂ ਦੇਖਿਆ ਜਾ ਰਿਹਾ ਹੈ, ਜਿਸ ਨਾਲ ਇਹ ਸੰਦੇਸ਼ ਗਿਆ ਹੈ ਕਿ ਸੱਚ ਦੀ ਆਵਾਜ਼ ਨੂੰ ਧਮਕੀਆਂ ਨਾਲ ਦਬਾਇਆ ਨਹੀਂ ਜਾ ਸਕਦਾ।

0 Comments