- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਮ ਭੇਜੇ ਮੰਗ ਪੱਤਰ
ਪਟਿਆਲਾ , 12 ਜੂਨ (ਸਟਾਫ਼ ਰਿਪੋਟਰ)
ਓਬੀਸੀ ਵੈੱਲਫੇਅਰ ਫਰੰਟ ਪੰਜਾਬ, ਜ਼ਿਲ੍ਹਾ ਪਟਿਆਲਾ ਦੇ ਵੱਡੀ ਗਿਣਤੀ ਵਿੱਚ ਇਕੱਤਰ ਹੋਏ ਆਗੂਆਂ ਨੇ ਹਰਦੀਪ ਸਿੰਘ ਕੰਬੋਜ ਅਤੇ ਐਡਵੋਕੇਟ ਵਿਸਾਖੀ ਕੰਬੋਜ ਦੀ ਅਗਵਾਈ ਹੇਠ ਪੰਜਾਬ ਪ੍ਰਧਾਨ ਹਰਜਿੰਦਰ ਹਾਂਡਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਆਪਣੀਆਂ ਹੱਕੀ ਅਤੇ ਜਾਇਜ਼ ਮੰਗਾਂ ਸਬੰਧੀ ਮਾਣਯੋਗ ਡਿਪਟੀ ਕਮਿਸ਼ਨਰ ਪਟਿਆਲਾ ਹਿਮਾਂਸ਼ੂ ਅਗਰਵਾਲ ਅਤੇ ਐੱਸ.ਡੀ.ਐੱਮ. ਪਟਿਆਲਾ ਗੁਰਦੇਵ ਸਿੰਘ ਧੰਮ ਨੂੰ ਵੱਖ-ਵੱਖ ਮੰਗ ਪੱਤਰ ਸੌਂਪੇ। ਇਹ ਮੰਗ ਪੱਤਰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਾਮ ਭੇਜੇ ਗਏ। ਮੰਗ ਪੱਤਰਾਂ ਵਿੱਚ ਪੰਜਾਬ ਵਿੱਚ ਓਬੀਸੀ ਸਮਾਜ ਨਾਲ ਹੋ ਰਹੇ ਕਥਿਤ ਵਿਤਕਰੇ ਅਤੇ ਉਨ੍ਹਾਂ ਦੀਆਂ ਲੰਬੇ ਸਮੇਂ ਤੋਂ ਲਟਕ ਰਹੀਆਂ ਮੰਗਾਂ ਦਾ ਵਿਸਥਾਰ ਨਾਲ ਜ਼ਿਕਰ ਕੀਤਾ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਹਰਦੀਪ ਸਿੰਘ ਕੰਬੋਜ ਅਤੇ ਐਡਵੋਕੇਟ ਵਿਸਾਖੀ ਕੰਬੋਜ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਓਬੀਸੀ ਸਮਾਜ ਦੀਆਂ ਜਾਇਜ਼ ਮੰਗਾਂ ਨੂੰ ਲਗਾਤਾਰ ਅਣਗੌਲਿਆ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਪੱਛੜੀਆਂ ਸ਼੍ਰੇਣੀਆਂ ਨੂੰ ਸਿੱਖਿਆ ਸੰਸਥਾਵਾਂ ਵਿੱਚ ਦਾਖਲਿਆਂ ਲਈ 10 ਫੀਸਦੀ ਅਤੇ ਸਰਕਾਰੀ ਨੌਕਰੀਆਂ ਵਿੱਚ 12 ਫੀਸਦੀ ਰਿਜ਼ਰਵੇਸ਼ਨ ਮਿਲ ਰਹੀ ਹੈ। ਉਨ੍ਹਾਂ ਦੱਸਿਆ ਕਿ ਨੈਸ਼ਨਲ ਕਮਿਸ਼ਨ ਫਾਰ ਬੈਕਵਰਡ ਕਲਾਸਿਜ਼ ਵੱਲੋਂ ਮਈ 2024 ਵਿੱਚ ਪੰਜਾਬ ਸਰਕਾਰ ਨੂੰ ਪੱਤਰ ਲਿਖ ਕੇ ਓਬੀਸੀ ਵਰਗ ਲਈ ਰਿਜ਼ਰਵੇਸ਼ਨ ਵਧਾ ਕੇ 25 ਫੀਸਦੀ ਕਰਨ ਦੀ ਸਿਫਾਰਸ਼ ਕੀਤੀ ਗਈ ਸੀ, ਪਰ ਦੋ ਸਾਲ ਬੀਤ ਜਾਣ ਦੇ ਬਾਵਜੂਦ ਇਸ ਸਬੰਧੀ ਕੋਈ ਠੋਸ ਕਦਮ ਨਹੀਂ ਚੁੱਕਿਆ ਗਿਆ। ਆਗੂਆਂ ਨੇ ਕਿਹਾ ਕਿ ਰਿਜ਼ਰਵੇਸ਼ਨ ਦੇ ਚਾਰ ਪ੍ਰਮੁੱਖ ਖੇਤਰ—ਨੌਕਰੀਆਂ, ਸਿੱਖਿਆ ਵਿੱਚ ਦਾਖਲੇ, ਤਰੱਕੀਆਂ ਅਤੇ ਸਿਆਸੀ ਪ੍ਰਤੀਨਿਧਤਾ—ਹੋਣ ਦੇ ਬਾਵਜੂਦ ਪੰਜਾਬ ਵਿੱਚ ਓਬੀਸੀ ਵਰਗ ਨੂੰ ਸਿਰਫ਼ ਨੌਕਰੀਆਂ ਅਤੇ ਸਿੱਖਿਆ ਤੱਕ ਹੀ ਸੀਮਿਤ ਰਿਜ਼ਰਵੇਸ਼ਨ ਮਿਲ ਰਹੀ ਹੈ। ਉਨ੍ਹਾਂ ਇਹ ਵੀ ਮੰਗ ਕੀਤੀ ਕਿ ਦੇਸ਼ ਭਰ ਵਿੱਚ ਹੋਣ ਵਾਲੀ ਜਨਗਣਨਾ ਦੌਰਾਨ ਓਬੀਸੀ ਵਰਗ ਲਈ ਵੱਖਰਾ ਕਾਲਮ ਸ਼ਾਮਲ ਕਰਕੇ ਜਾਤੀ ਆਧਾਰਿਤ ਜਨਗਣਨਾ ਕਰਵਾਈ ਜਾਵੇ, ਤਾਂ ਜੋ ਇਸ ਵਰਗ ਦੀ ਅਸਲ ਅਬਾਦੀ ਅਤੇ ਸਮਾਜਿਕ-ਆਰਥਿਕ ਸਥਿਤੀ ਦਾ ਸਹੀ ਅੰਕਲਨ ਹੋ ਸਕੇ। ਓਬੀਸੀ ਵੈੱਲਫੇਅਰ ਫਰੰਟ ਦੇ ਆਗੂਆਂ ਨੇ ਕਿਹਾ ਕਿ ਪੰਜਾਬ ਅਤੇ ਦੇਸ਼ ਭਰ ਵਿੱਚ ਪੱਛੜੀਆਂ ਸ਼੍ਰੇਣੀਆਂ ਨਾਲ ਕਈ ਪੱਧਰਾਂ 'ਤੇ ਪੱਖਪਾਤ ਹੋ ਰਿਹਾ ਹੈ, ਜਿਸ ਨੂੰ ਦੂਰ ਕਰਨ ਲਈ ਕੇਂਦਰ ਅਤੇ ਪੰਜਾਬ ਸਰਕਾਰ ਨੂੰ ਤੁਰੰਤ ਪ੍ਰਭਾਵ ਨਾਲ ਠੋਸ ਕਦਮ ਚੁੱਕਣੇ ਚਾਹੀਦੇ ਹਨ। ਉਨ੍ਹਾਂ ਮੰਗ ਕੀਤੀ ਕਿ ਓਬੀਸੀ ਸਮਾਜ ਨਾਲ ਸਬੰਧਤ ਸਾਰੀਆਂ ਲੰਬਿਤ ਮੰਗਾਂ ਨੂੰ ਤਰਜੀਹ ਦੇ ਆਧਾਰ 'ਤੇ ਹੱਲ ਕੀਤਾ ਜਾਵੇ। ਆਗੂਆਂ ਨੇ ਆਸ ਪ੍ਰਗਟਾਈ ਕਿ ਕੇਂਦਰ ਅਤੇ ਪੰਜਾਬ ਸਰਕਾਰ ਭਵਿੱਖ ਵਿੱਚ ਓਬੀਸੀ ਸਮਾਜ ਦੀਆਂ ਮੰਗਾਂ ਪ੍ਰਤੀ ਗੰਭੀਰਤਾ ਦਿਖਾਉਣਗੀਆਂ ਅਤੇ ਉਨ੍ਹਾਂ ਨੂੰ ਬਣਦਾ ਇਨਸਾਫ਼ ਮੁਹੱਈਆ ਕਰਵਾਉਣਗੀਆਂ। ਇਸ ਮੌਕੇ ਹਰਦੀਪ ਸਿੰਘ ਕੰਬੋਜ, ਐਡਵੋਕੇਟ ਵਿਸਾਖੀ ਕੰਬੋਜ, ਹਰਦੀਪ ਸਿੰਘ ਜੋਸ਼ਨ, ਕੌਰ ਸਿੰਘ ਕੰਬੋਜ, ਦੀਦਾਰ ਸਿੰਘ ਪਟਿਆਲਵੀ, ਅਮਰਜੀਤ ਸਿੰਘ, ਹਰਦੀਪ ਸਿੰਘ ਜੋਸਨ ਸਨੌਰ, ਭੁਪਿੰਦਰ ਸਿੰਘ ਜੋਸਨ ਨਾਨਕਸਰ, ਦੀਦਾਰ ਸਿੰਘ ਪਟਿਆਲਾ, ਕਰਮਜੀਤ ਸਿੰਘ ਸਨੌਰ, ਜਗਦੇਵ ਸਿੰਘ ਹੜਾਨਾ, ਹੰਸ ਰਾਜ ਚਿਡਵੀ, ਗਿਆਨ ਸਿੰਘ, ਮਲੂਕ ਸਿੰਘ, ਲਖਵਿੰਦਰ ਸਿੰਘ, ਗੁਰਪ੍ਰੀਤ ਸਿੰਘ, ਦੇਸ ਰਾਜ, ਗੁਰਦੀਪ ਸੇਖੂਪੁਰ, ਅਮਰੀਕ ਸਿੰਘ ਮੁਰਾਦਪੁਰ ਸਮੇਤ ਹੋਰ ਆਗੂ ਅਤੇ ਵਰਕਰ ਹਾਜ਼ਰ ਸਨ।











0 Comments