ਪਟਿਆਲਾ,7 ਜੂਨ (ਖੇਤਰੀ ਪ੍ਰਤੀਨਿਧੀ) - ਪਟਿਆਲਾ ਦੇ ਫੈਕਟਰੀ ਖੇਤਰ ਸਥਿਤ ਇੱਕ ਨਿੱਜੀ ਹਸਪਤਾਲ ਵਿੱਚ ਪੱਥਰੀ ਦੇ ਆਪਰੇਸ਼ਨ ਤੋਂ ਬਾਅਦ 35 ਸਾਲਾ ਮਹਿਲਾ ਦੀ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕਾ ਦੇ ਪਰਿਵਾਰਕ ਮੈਂਬਰਾਂ ਨੇ ਹਸਪਤਾਲ ਪ੍ਰਸ਼ਾਸਨ 'ਤੇ ਗੰਭੀਰ ਲਾਪਰਵਾਹੀ ਦੇ ਦੋਸ਼ ਲਗਾਉਂਦੇ ਹੋਏ ਇਨਸਾਫ਼ ਦੀ ਮੰਗ ਕੀਤੀ ਹੈ। ਜਾਣਕਾਰੀ ਅਨੁਸਾਰ ਮਹਿਲਾ ਪਟਿਆਲਾ ਦੇ ਪਿੰਡ ਝਿੱਲ ਦੀ ਰਹਿਣ ਵਾਲੀ ਸੀ ਅਤੇ ਉਸ ਦਾ ਇਲਾਜ ਕਾਫ਼ੀ ਸਮੇਂ ਤੋਂ ਮੇਹਰ ਹਸਪਤਾਲ ਵਿੱਚ ਚੱਲ ਰਿਹਾ ਸੀ। ਉਹ ਪੱਥਰੀ ਦੇ ਆਪਰੇਸ਼ਨ ਲਈ ਹਸਪਤਾਲ ਵਿੱਚ ਦਾਖ਼ਲ ਹੋਈ ਸੀ। ਪਰਿਵਾਰ ਦਾ ਦਾਅਵਾ ਹੈ ਕਿ ਆਪਰੇਸ਼ਨ ਤੋਂ ਬਾਅਦ ਡਾਕਟਰਾਂ ਵੱਲੋਂ ਮਰੀਜ਼ ਦੀ ਹਾਲਤ ਸਥਿਰ ਦੱਸੀ ਗਈ ਸੀ, ਪਰ ਕੁਝ ਸਮੇਂ ਬਾਅਦ ਅਚਾਨਕ ਉਸ ਦੀ ਹਾਲਤ ਗੰਭੀਰ ਹੋਣ ਦੀ ਜਾਣਕਾਰੀ ਦਿੱਤੀ ਗਈ। ਪਰਿਵਾਰਕ ਮੈਂਬਰਾਂ ਨੇ ਇਹ ਵੀ ਦੋਸ਼ ਲਗਾਇਆ ਕਿ ਹਸਪਤਾਲ ਵੱਲੋਂ ਮੌਤ ਸਬੰਧੀ ਸਹੀ ਜਾਣਕਾਰੀ ਨਹੀਂ ਦਿੱਤੀ ਗਈ ਅਤੇ ਉਨ੍ਹਾਂ ਨੂੰ ਇਸ ਬਾਰੇ ਪੁਲਸ ਰਾਹੀਂ ਪਤਾ ਲੱਗਾ। ਉੱਥੇ ਹੀ, ਮੇਹਰ ਹਸਪਤਾਲ ਦੇ ਡਾਇਰੈਕਟਰ ਨੇ ਲਾਪਰਵਾਹੀ ਦੇ ਦੋਸ਼ਾਂ ਨੂੰ ਰੱਦ ਕਰਦਿਆਂ ਕਿਹਾ ਕਿ ਆਪਰੇਸ਼ਨ ਤੋਂ ਬਾਅਦ ਮਰੀਜ਼ ਨੂੰ ਦਿਲ ਦਾ ਦੌਰਾ ਪਿਆ ਸੀ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਉਨ੍ਹਾਂ ਦਾ ਕਹਿਣਾ ਹੈ ਕਿ ਪਰਿਵਾਰ ਨੂੰ ਇਸ ਬਾਰੇ ਤੁਰੰਤ ਸੂਚਿਤ ਕਰ ਦਿੱਤਾ ਗਿਆ ਸੀ। ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਹਸਪਤਾਲ ਪ੍ਰਬੰਧਨ ਦਾ ਕਹਿਣਾ ਹੈ ਕਿ ਮੌਤ ਦੇ ਅਸਲ ਕਾਰਨਾਂ ਦਾ ਖੁਲਾਸਾ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਹੋ ਸਕੇਗਾ।











0 Comments