ਭੁਵਨੇਸ਼ਵਰ, 15 ਜੁਲਾਈ – ਭਗਵਾਨ ਜਗਨਨਾਥ ਦੀ ਵਿਸ਼ਵ ਪ੍ਰਸਿੱਧ ਰੱਥ ਯਾਤਰਾ ਵੀਰਵਾਰ, 16 ਜੁਲਾਈ ਤੋਂ ਓਡੀਸ਼ਾ ਦੇ ਪੁਰੀ ਵਿਖੇ ਸ਼ੁਰੂ ਹੋ ਰਹੀ ਹੈ। ਇਹ ਸ਼ਾਨਦਾਰ ਧਾਰਮਿਕ ਤਿਉਹਾਰ 24 ਜੁਲਾਈ ਤੱਕ ਚੱਲੇਗਾ, ਜਿਸ ਦੌਰਾਨ 10 ਲੱਖ ਤੋਂ ਵੱਧ ਸ਼ਰਧਾਲੂਆਂ ਦੇ ਪੁਰੀ ਪਹੁੰਚਣ ਦੀ ਸੰਭਾਵਨਾ ਹੈ।ਜ਼ਿਲ੍ਹਾ ਪ੍ਰਸ਼ਾਸਨ ਮੁਤਾਬਕ, ਇਸ ਸਾਲ ਰੱਥ ਯਾਤਰਾ ਲਈ ਹੋਟਲਾਂ ਅਤੇ ਲਾਜਾਂ ਦੀ ਬੁਕਿੰਗ ਫਰਵਰੀ ਮਹੀਨੇ ਤੋਂ ਹੀ ਸ਼ੁਰੂ ਹੋ ਗਈ ਸੀ। ਮੰਦਰ ਅਤੇ ਰੱਥ ਯਾਤਰਾ ਦੇ ਰੂਟ ਦੇ ਨੇੜਲੇ ਇਲਾਕਿਆਂ ਵਿਚ ਸਥਿਤ ਹੋਟਲ ਅਤੇ ਲਾਜ ਸਭ ਤੋਂ ਵੱਧ ਮੰਗ ਵਿਚ ਰਹੇ ਹਨ ਅਤੇ ਹੁਣ ਲਗਭਗ ਪੂਰੀ ਤਰ੍ਹਾਂ ਬੁੱਕ ਹੋ ਚੁੱਕੇ ਹਨ।ਰੱਥ ਯਾਤਰਾ ਦੇ ਮੱਦੇਨਜ਼ਰ ਰਿਹਾਇਸ਼ ਦੀਆਂ ਕੀਮਤਾਂ ਵਿਚ ਵੀ ਭਾਰੀ ਵਾਧਾ ਦੇਖਣ ਨੂੰ ਮਿਲਿਆ ਹੈ। ਜਾਣਕਾਰੀ ਅਨੁਸਾਰ, ਜਿਨ੍ਹਾਂ ਲਾਜਾਂ ਦਾ ਆਮ ਕਿਰਾਇਆ 1,500 ਤੋਂ 2,000 ਰੁਪਏ ਹੁੰਦਾ ਹੈ, ਉਹ ਰੱਥ ਯਾਤਰਾ ਦੌਰਾਨ ਤਿੰਨ ਦਿਨਾਂ ਲਈ 50,000 ਰੁਪਏ ਤੱਕ ਵਸੂਲ ਰਹੀਆਂ ਹਨ। ਇਸ ਤਰ੍ਹਾਂ ਕਈ ਥਾਵਾਂ 'ਤੇ ਦਰਾਂ ਪਿਛਲੇ ਸਾਲ ਦੇ ਮੁਕਾਬਲੇ 10 ਗੁਣਾ ਤੱਕ ਵਧ ਗਈਆਂ ਹਨ।ਦੱਸਣਯੋਗ ਹੈ ਕਿ ਪੁਰੀ ਸ਼ਹਿਰ ਵਿਚ ਲਗਭਗ 1,200 ਹੋਟਲ ਅਤੇ ਲਾਜ ਹਨ, ਜਿਨ੍ਹਾਂ ਵਿਚੋਂ ਵੱਡੀ ਗਿਣਤੀ ਪਹਿਲਾਂ ਹੀ ਸ਼ਰਧਾਲੂਆਂ ਦੀਆਂ ਬੁਕਿੰਗਾਂ ਨਾਲ ਭਰ ਚੁੱਕੀ ਹੈ। ਪ੍ਰਸ਼ਾਸਨ ਵੱਲੋਂ ਰੱਥ ਯਾਤਰਾ ਨੂੰ ਸੁਚਾਰੂ ਢੰਗ ਨਾਲ ਸੰਪੰਨ ਕਰਵਾਉਣ ਲਈ ਸੁਰੱਖਿਆ ਅਤੇ ਆਵਾਜਾਈ ਦੇ ਵਿਸ਼ੇਸ਼ ਪ੍ਰਬੰਧ ਵੀ ਕੀਤੇ ਜਾ ਰਹੇ ਹਨ।



0 Comments