ਕਪੂਰਥਲਾ, 27 ਜੁਲਾਈ- ਕਪੂਰਥਲਾ ਦੇ ਅੰਮ੍ਰਿਤਸਰ ਚੁੰਗੀ ਇਲਾਕੇ ਵਿੱਚ ਗੰਦੇ ਨਾਲੇ ਨੇੜੇ ਇੱਕ 30 ਸਾਲਾ ਨੌਜਵਾਨ ਦੀ ਲਾਸ਼ ਬਰਾਮਦ ਹੋਣ ਨਾਲ ਇਲਾਕੇ ਵਿੱਚ ਸਨਸਨੀ ਫੈਲ ਗਈ। ਮ੍ਰਿਤਕ ਦੀ ਪਛਾਣ ਰਿੰਕੂ ਪੁੱਤਰ ਕੇਵਲ ਸਿੰਘ ਵਜੋਂ ਹੋਈ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਿਟੀ ਦੇ ਏ.ਐਸ.ਆਈ. ਗੁਰਸ਼ਰਨ ਸਿੰਘ ਨੇ ਦੱਸਿਆ ਕਿ ਬੀਤੀ ਦੇਰ ਸ਼ਾਮ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਗੰਦੇ ਨਾਲੇ ਨੇੜੇ ਇੱਕ ਨੌਜਵਾਨ ਦੀ ਲਾਸ਼ ਪਈ ਹੈ। ਸੂਚਨਾ ਮਿਲਣ ਉਪਰੰਤ ਪੁਲਿਸ ਪਾਰਟੀ ਮੌਕੇ 'ਤੇ ਪਹੁੰਚੀ ਅਤੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕੀਤੀ।
ਮ੍ਰਿਤਕ ਦੀ ਪਤਨੀ ਹਰਜਿੰਦਰ ਕੌਰ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਦੱਸਿਆ ਕਿ ਉਸਦਾ ਪਤੀ 24 ਜੁਲਾਈ ਨੂੰ ਆਪਣੇ ਰਿਸ਼ਤੇਦਾਰ ਸੁਰਿੰਦਰ ਉਰਫ਼ ਛਿੰਦਾ ਨਾਲ ਮੋਟਰਸਾਈਕਲ 'ਤੇ ਘਰੋਂ ਗਿਆ ਸੀ। ਸੁਰਿੰਦਰ ਤਾਂ ਵਾਪਸ ਘਰ ਆ ਗਿਆ, ਪਰ ਰਿੰਕੂ ਘਰ ਨਹੀਂ ਪਰਤਿਆ।ਪੁਲਿਸ ਵੱਲੋਂ ਸੁਰਿੰਦਰ ਉਰਫ਼ ਛਿੰਦਾ ਤੋਂ ਕੀਤੀ ਗਈ ਪੁੱਛਗਿੱਛ ਦੌਰਾਨ ਉਸ ਨੇ ਦੱਸਿਆ ਕਿ ਰਿੰਕੂ ਨਸ਼ੀਲੇ ਪਦਾਰਥਾਂ ਦਾ ਜ਼ਿਆਦਾ ਸੇਵਨ ਕਰਨ ਕਾਰਨ ਬੇਹੋਸ਼ ਹੋ ਗਿਆ ਸੀ। ਉਸ ਨੂੰ ਕਪੂਰਥਲਾ ਦੇ ਗੰਦੇ ਨਾਲੇ ਨੇੜੇ ਬੇਹੋਸ਼ੀ ਦੀ ਹਾਲਤ ਵਿੱਚ ਛੱਡ ਦਿੱਤਾ ਗਿਆ। ਬਾਅਦ ਵਿੱਚ ਜਦੋਂ ਉਹ ਮੌਕੇ 'ਤੇ ਵਾਪਸ ਪਹੁੰਚੇ ਤਾਂ ਰਿੰਕੂ ਦੀ ਮੌਤ ਹੋ ਚੁੱਕੀ ਸੀ।ਏ.ਐਸ.ਆਈ. ਗੁਰਸ਼ਰਨ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਪਤਨੀ ਦੇ ਬਿਆਨਾਂ ਦੇ ਆਧਾਰ 'ਤੇ ਸੁਰਿੰਦਰ ਉਰਫ਼ ਛਿੰਦਾ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਿਸ ਨੇ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਦੇ ਹਵਾਲੇ ਕਰ ਦਿੱਤੀ ਹੈ ਅਤੇ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।



0 Comments