| ਵਿਦੇਸ਼ ਮੰਤਰੀ ਜੈਸ਼ੰਕਰ |
ਨਵੀਂ ਦਿੱਲੀ, 2 ਸਤੰਬਰ (ਬਿਓਰੋ ਰਿਪੋਰਟ) — ਵਿਦੇਸ਼ ਮੰਤਰੀ ਐਸ. ਜੈਸ਼ੰਕਰ 3 ਤੋਂ 5 ਸਤੰਬਰ ਤੱਕ ਯੂਕਰੇਨ ਅਤੇ ਪੋਲੈਂਡ ਦੇ ਤਿੰਨ ਦਿਨਾਂ ਅਧਿਕਾਰਤ ਦੌਰੇ ’ਤੇ ਜਾਣਗੇ। ਇਹ ਦੌਰਾ ਅਜਿਹੇ ਸਮੇਂ ਹੋ ਰਿਹਾ ਹੈ ਜਦੋਂ ਯੂਕਰੇਨ ਅਤੇ ਰੂਸ ਵਿਚਕਾਰ ਤਣਾਅ ਜਾਰੀ ਹੈ, ਜਿਸ ਕਾਰਨ ਜੈਸ਼ੰਕਰ ਦੀ ਕੀਵ ਯਾਤਰਾ ਨੂੰ ਅਹਿਮ ਮੰਨਿਆ ਜਾ ਰਿਹਾ ਹੈ। ਵਿਦੇਸ਼ ਮੰਤਰਾਲੇ ਮੁਤਾਬਕ ਜੈਸ਼ੰਕਰ ਆਪਣੇ ਦੌਰੇ ਦੌਰਾਨ ਯੂਕਰੇਨ ਦੇ ਵਿਦੇਸ਼ ਮੰਤਰੀ ਐਂਡਰੀ ਸਬੀਹਾ ਅਤੇ ਪੋਲੈਂਡ ਦੇ ਉਪ ਪ੍ਰਧਾਨ ਮੰਤਰੀ ਅਤੇ ਵਿਦੇਸ਼ ਮੰਤਰੀ ਰਾਡੋਸਲਾਵ ਸਿਕੋਰਸਕੀ ਨਾਲ ਦੁਵੱਲੀ ਗੱਲਬਾਤ ਕਰਨਗੇ। ਇਨ੍ਹਾਂ ਮੁਲਾਕਾਤਾਂ ਦੌਰਾਨ ਦੋਵਾਂ ਦੇਸ਼ਾਂ ਨਾਲ ਭਾਰਤ ਦੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਅਤੇ ਖੇਤਰੀ ਵਿਕਾਸ ਨਾਲ ਜੁੜੇ ਮੁੱਦਿਆਂ ’ਤੇ ਵਿਚਾਰ-ਵਟਾਂਦਰਾ ਕੀਤਾ ਜਾਵੇਗਾ।
ਮੰਤਰਾਲੇ ਨੇ ਕਿਹਾ ਕਿ ਦੌਰੇ ਦਾ ਮੁੱਖ ਉਦੇਸ਼ ਭਾਰਤ ਦੇ ਯੂਕਰੇਨ ਅਤੇ ਪੋਲੈਂਡ ਨਾਲ ਦੁਵੱਲੇ ਸਬੰਧਾਂ ਨੂੰ ਮਜ਼ਬੂਤ ਕਰਨਾ ਅਤੇ ਆਪਸੀ ਹਿੱਤਾਂ ਨਾਲ ਸਬੰਧਤ ਮਾਮਲਿਆਂ ’ਤੇ ਵਿਚਾਰਾਂ ਦਾ ਆਦਾਨ-ਪ੍ਰਦਾਨ ਕਰਨਾ ਹੈ। ਜ਼ਿਕਰਯੋਗ ਹੈ ਕਿ ਜੈਸ਼ੰਕਰ ਇਸ ਤੋਂ ਪਹਿਲਾਂ 23 ਅਤੇ 24 ਅਗਸਤ ਨੂੰ ਰੂਸ ਦੇ ਅਧਿਕਾਰਤ ਦੌਰੇ ’ਤੇ ਗਏ ਸਨ। ਇਸ ਦੌਰਾਨ ਉਨ੍ਹਾਂ ਨੇ ਭਾਰਤ-ਰੂਸ ਅੰਤਰ-ਸਰਕਾਰੀ ਕਮਿਸ਼ਨ (IRIGC-TEC) ਦੇ 27ਵੇਂ ਸੈਸ਼ਨ ਦੀ ਸਹਿ-ਪ੍ਰਧਾਨਗੀ ਕੀਤੀ ਸੀ ਅਤੇ ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਨਾਲ ਵੀ ਮੁਲਾਕਾਤ ਕੀਤੀ ਸੀ।

0 Comments