ਜੇਲ੍ਹ ਦੇ ਨਿਰੀਖਣ ਤੋਂ ਇਲਾਵਾ ਕੈਦੀਆਂ ਦੀਆਂ ਸਹੂਲਤਾਂ ਦਾ ਵੀ ਲਿਆ ਜਾਇਜ਼ਾ
ਗੋਇੰਦਵਾਲ ਸਾਹਿਬ (ਤਰਨ ਤਾਰਨ), 25 ਸਤੰਬਰ (ਸਟਾਫ਼ ਰਿਪੋਟਰ) - ਜੇਲ੍ਹ ਮੰਤਰੀ ਡਾ. ਰਵਜੋਤ ਸਿੰਘ ਵੱਲੋਂ ਅੱਜ ਕੇਂਦਰੀ ਜੇਲ੍ਹ ਸ਼੍ਰੀ ਗੋਇੰਦਵਾਲ ਸਾਹਿਬ ਜੇਲ੍ਹ ਦਾ ਨਿਰੀਖਣ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਜੇਲ੍ਹ ਵਿੱਚ 'ਰੇਡੀਓ ਉਜਾਲਾ' ਦਾ ਉਦਘਾਟਨ ਕੀਤਾ ਅਤੇ ਜੇਲ੍ਹ ਵਿਚਲੇ ਕੈਦੀਆਂ ਨੂੰ ਮੁਹੱਈਆ ਕਰਵਾਈਆਂ ਜਾ ਰਹੀਆਂ ਸਹੂਲਤਾਂ ਦਾ ਜਾਇਜ਼ਾ ਵੀ ਲਿਆ। 'ਰੇਡੀਓ ਉਜਾਲਾ' ਦਾ ਉਦਘਾਟਨ ਕਰਨ ਤੋਂ ਬਾਅਦ ਉਨ੍ਹਾਂ ਰੇਡੀਓ ਰਾਹੀਂ ਜੇਲ੍ਹ ਦੇ ਤਮਾਮ ਬੰਦੀਆਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਨੂੰ ਜ਼ੁਰਮ ਤੋਂ ਦੂਰ ਰਹਿ ਕੇ ਚੰਗੇ ਨਾਗਰਿਕ ਬਣਨ ਲਈ ਉਤਸ਼ਾਹਿਤ ਕੀਤਾ। ਇਸ ਦੌਰਾਨ ਉਨ੍ਹਾਂ ਬੰਦੀਆਂ ਦੀਆਂ ਤਕਲੀਫ਼ਾਂ ਵੀ ਸੁਣੀਆਂ ਅਤੇ ਉਨ੍ਹਾਂ ਦੇ ਹੱਲ ਲਈ ਮੌਕੇ 'ਤੇ ਹੀ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ। ਉਨ੍ਹਾਂ ਵੱਲੋਂ ਜੇਲ੍ਹ ਦੇ ਲੰਗਰ ਦਾ ਵੀ ਨਿਰੀਖਣ ਕੀਤਾ ਗਿਆ। ਉਨ੍ਹਾਂ ਜੇਲ੍ਹ ਹਸਪਤਾਲ ਦਾ ਦੌਰਾ ਵੀ ਕੀਤਾ ਅਤੇ ਉਥੇ ਦਾਖ਼ਲ ਬਿਮਾਰ ਬੰਦੀਆਂ ਦਾ ਹਾਲ-ਚਾਲ ਵੀ ਪੁੱਛਿਆ। ਉਨ੍ਹਾਂ ਉਥੇ ਤਾਇਨਾਤ ਡਾਕਟਰਾਂ ਨੂੰ ਬੰਦੀਆਂ ਦੀ ਸਿਹਤ ਦਾ ਧਿਆਨ ਰੱਖਣ ਲਈ ਹਦਾਇਤਾਂ ਜਾਰੀ ਕੀਤੀਆਂ। ਇਸ ਦੌਰਾਨ ਉਨ੍ਹਾਂ ਵੱਲੋਂ ਜੇਲ੍ਹ ਅੰਦਰ ਯਾਦਗਾਰੀ ਪੌਦਾ ਵੀ ਲਗਾਇਆ ਗਿਆ। ਇਸ ਤੋਂ ਪਹਿਲਾਂ ਕੇਂਦਰੀ ਜੇਲ੍ਹ ਪਹੁੰਚਣ ’ਤੇ ਉਨ੍ਹਾਂ ਨੂੰ ਪੰਜਾਬ ਪੁਲੀਸ ਦੀ ਟੁਕੜੀ ਵੱਲੋਂ ਸ਼ਾਨਦਾਰ 'ਗਾਰਡ ਆਫ ਆਨਰ' ਦਿੱਤਾ ਗਿਆ। ਇਸ ਮੌਕੇ ਜੇਲ੍ਹ ਸੁਪਰਡੈਂਟ ਮਨਜੀਤ ਸਿੰਘ ਟਿਵਾਣਾ, ਵਧੀਕ ਸੁਪਰਡੈਂਟ ਗੁਰਜੰਟ ਸਿੰਘ, ਡਿਪਟੀ ਸੁਪਰਡੈਂਟ (ਸਕਿਉਰਟੀ) ਗੁਰਮੇਜ ਸਿੰਘ ਤੋਂ ਇਲਾਵਾ ਹੋਰ ਅਧਿਕਾਰੀ ਵੀ ਮੌਜੂਦ ਸਨ।

0 Comments