ਹਰਚੋਵਾਲ (ਗੁਰਦਾਸਪੁਰ), 11 ਜੁਲਾਈ - ਗੁਰਦਾਸਪੁਰ ਦੇ ਹਰਚੋਵਾਲ ਨੇੜਲੇ ਪਿੰਡ ਢਪੱਈ ਵਿੱਚ ਜ਼ਮੀਨੀ ਵਿਵਾਦ ਨੂੰ ਲੈ ਕੇ ਦੋ ਪਰਿਵਾਰਾਂ ਵਿਚਾਲੇ ਤਣਾਅ ਉਸ ਸਮੇਂ ਵੱਧ ਗਿਆ, ਜਦੋਂ ਇੱਕ ਵਿਅਕਤੀ ਵੱਲੋਂ ਦੂਜੇ ਪਰਿਵਾਰ 'ਤੇ ਗੋਲੀ ਚਲਾ ਦਿੱਤੀ ਗਈ। ਖੁਸ਼ਕਿਸਮਤੀ ਨਾਲ ਇਸ ਘਟਨਾ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਪਰ ਗੋਲੀਬਾਰੀ ਕਾਰਨ ਪਿੰਡ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਮਿਲੀ ਜਾਣਕਾਰੀ ਅਨੁਸਾਰ ਦੋਵੇਂ ਪਰਿਵਾਰਾਂ ਵਿਚਕਾਰ ਲੰਬੇ ਸਮੇਂ ਤੋਂ ਜ਼ਮੀਨ ਨੂੰ ਲੈ ਕੇ ਵਿਵਾਦ ਚੱਲ ਰਿਹਾ ਸੀ। ਦੱਸਿਆ ਜਾ ਰਿਹਾ ਹੈ ਕਿ ਵਿਵਾਦਤ ਜ਼ਮੀਨ ਦਾ ਫੈਸਲਾ ਇੱਕ ਪਰਿਵਾਰ ਦੇ ਹੱਕ ਵਿੱਚ ਆਇਆ ਸੀ। ਸ਼ਨੀਵਾਰ ਨੂੰ ਜਦੋਂ ਸੰਬੰਧਿਤ ਪਰਿਵਾਰ ਜ਼ਮੀਨ 'ਤੇ ਕਬਜ਼ਾ ਲੈਣ ਲਈ ਪਹੁੰਚਿਆ ਤਾਂ ਦੂਜੇ ਪਰਿਵਾਰ ਵੱਲੋਂ ਗੋਲੀ ਚਲਾ ਦਿੱਤੀ ਗਈ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਚੌਂਕੀ ਹਰਚੋਵਾਲ ਦੇ ਇੰਚਾਰਜ ਸਤਵਿੰਦਰ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ 'ਤੇ ਪਹੁੰਚੇ ਅਤੇ ਮਾਮਲੇ ਦੀ ਬਾਰੀਕੀ ਨਾਲ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਅਧਿਕਾਰੀ ਨੇ ਕਿਹਾ ਕਿ ਜਾਂਚ ਉਪਰੰਤ ਜੋ ਵੀ ਦੋਸ਼ੀ ਪਾਇਆ ਗਿਆ, ਉਸ ਖ਼ਿਲਾਫ਼ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ।



0 Comments